ਕੈਬ ''ਚ ਸਫਰ ਕਰਨ ਵਾਲੀ ਕੁੜੀ ਨੇ ਖੋਲ੍ਹੀ ਚੰਡੀਗੜ੍ਹ ਪੁਲਸ ਦੀ ਪੋਲ
Tuesday, Jul 24, 2018 - 10:04 AM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਪੁਲਸ ਭਾਵੇਂ ਹੀ 'ਵੀ ਕੇਅਰ ਫਾਰ ਯੂ' ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਸੀ ਪਰ ਅਸਲੀਅਤ ਤਾਂ ਇਹ ਹੈ ਕਿ ਟ੍ਰਾਈਸਿਟੀ 'ਚ ਔਰਤਾਂ ਤੇ ਕੁੜੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਤੇ ਨਾ ਹੀ ਪੁਲਸ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਕਰ ਰਹੀ ਹੈ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕੈਬ 'ਚ ਸਫਰ ਕਰਨ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ।
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਇਕ ਕੁੜੀ ਨੇ ਆਪਣੇ ਨਾਲ ਬੀਤੇ ਹਾਦਸੇ ਦਾ ਜ਼ਿਕਰ ਫੇਸਬੁੱਕ ਦੀ 'ਚੰਡੀਗੜ੍ਹ ਪੋਸਟ' 'ਤੇ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਜਦੋਂ ਉਹ ਇਕ ਦਿਨ ਕੈਬ 'ਚ ਸਫਰ ਕਰ ਰਹੀ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਕੈਬ ਡਰਾਈਵਰ ਨੇ ਉਸ ਨਾਲ ਬਦਤਮੀਜ਼ੀ ਤਾਂ ਕੀਤੀ ਹੈ, ਸਗੋਂ ਧੱਕਾਮੁੱਕੀ ਵੀ ਕੀਤੀ, ਜਿਸ ਕਾਰਨ ਉਸ ਦੀ ਉਂਗਲੀ 'ਤੇ ਵੀ ਸੱਟ ਲੱਗ ਗਈ।
ਇਸ ਤੋਂ ਬਾਅਦ ਕੁੜੀ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਪਰ ਇਲਾਕੇ ਦੀ ਪੁਲਸ ਨੇ ਕੋਈ ਮਦਦ ਨਹੀਂ ਕੀਤੀ, ਇੱਥੋਂ ਤੱਕ ਕਿ ਪੁਲਸ ਕੈਬ ਡਰਾਈਵਰ ਤੋਂ ਮੁਆਫੀ ਮੰਗਵਾ ਕੇ ਮਾਮਲਾ ਰਫਾ-ਦਫਾ ਕਰਵਾਉਣ 'ਤੇ ਜ਼ੋਰ ਦਿੰਦੀ ਰਹੀ। ਕੁੜੀ ਨੇ ਕੈਬ ਡਰਾਈਵਰ ਦੀ ਗੱਡੀ ਦੀ ਤਸਵੀਰ ਤੇ ਖੁਦ ਦੀ ਉਂਗਲੀ 'ਤੇ ਲੱਗੀ ਸੱਟ ਦੀ ਤਸਵੀਰ ਵੀ ਅਪਲੋਡ ਕੀਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਸ਼ਾਮ ਦੇ 7 ਵਜੇ ਅਜਿਹੀ ਘਟਨਾ ਘਟੀ ਤਾਂ ਕਿਸੇ ਨੇ ਕੁੜੀ ਦੀ ਮਦਦ ਨਹੀਂ ਕੀਤੀ ਅਤੇ ਪੁਲਸ ਆਪੋ-ਆਪਣੇ ਇਲਾਕੇ ਨੂੰ ਲੈ ਕੇ ਹੀ ਉਲਝੀ ਰਹੀ। ਜਦੋਂ ਪੁਲਸ ਪੁੱਜੀ ਤਾਂ ਡਰਾਈਵਰ ਤੋਂ ਮੁਆਫੀ ਮੰਗਵਾਉਣ 'ਚ ਲੱਗੀ ਰਹੀ। ਇਸ ਤਰ੍ਹਾਂ ਦੇ ਦੋਸ਼ ਕੁੜੀ ਨੇ ਚੰਡੀਗੜ੍ਹ ਪੁਲਸ 'ਤੇ ਲਾਏ ਹਨ।