ਅਹਿਮ ਖ਼ਬਰ : ਚੰਡੀਗੜ੍ਹ ’ਚ 21 ਮਾਰਚ ਤੋਂ ਲੱਗੇਗੀ ਧਾਰਾ 144 (ਵੀਡੀਓ)
Sunday, Mar 19, 2023 - 09:58 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮਾਹੌਲ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਅਹਿਮ ਫ਼ੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ’ਚ 21 ਮਾਰਚ ਤੋਂ 19 ਮਈ ਤਕ ਧਾਰਾ 144 ਲਗਾ ਦਿੱਤੀ ਹੈ। ਸੈਕਟਰ 25 ਸਥਿਤ ਗਰਾਊਂਡ ਤੋਂ ਬਿਨਾਂ ਹੋਰ ਥਾਂ ’ਤੇ ਰੈਲੀ ਤੇ ਰੋਸ ਮੁਜ਼ਾਹਰੇ ਕਰਨ ’ਤੇ ਪਾਬੰਦੀ ਰਹੇਗੀ। ਇਸ ਗਰਾਊਂਡ ’ਚ ਰੈਲੀ ਤੇ ਧਰਨਾ-ਮੁਜ਼ਾਹਰਾ ਕਰਨ ਲਈ ਵੀ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਬਰਸੀ ’ਤੇ ਛਲਕਿਆ ਮਾਪਿਆਂ ਦਾ ਦਰਦ, ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10
ਸ਼ਹਿਰ ’ਚ 5 ਵਿਅਕਤੀਆਂ ਤੋਂ ਵੱਧ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਪ੍ਰਸ਼ਾਸਨ ਨੂੰ ਸੂਚਨਾਵਾਂ ਮਿਲ ਰਹੀਆਂ ਸਨ ਕਿ ਕੁਝ ਲੋਕ ਧਰਨਾ ਪ੍ਰਦਰਸ਼ਨ ਕਰ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਕਾਰਨ ਹੀ ਧਾਰਾ-144 ਲਾਗੂ ਕੀਤੀ ਗਈ ਹੈ। ਇਹ ਹੁਕਮ ਪੁਲਸ, ਪੈਰਾ-ਮਿਲਟਰੀ ਅਤੇ ਸਰਕਾਰੀ ਕਰਮਚਾਰੀਆਂ ’ਤੇ ਕੰਮਕਾਜ ਦੌਰਾਨ ਲਾਗੂ ਨਹੀਂ ਹੋਣਗੇ।
ਡਿਪਟੀ ਕਮਿਸ਼ਨਰ ਨੇ 60 ਦਿਨਾਂ ਲਈ ਹੁਕਮ ਕੀਤੇ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਨੇ ਯੂ. ਟੀ. ਖੇਤਰ ’ਚ ਹਥਿਆਰ ਰੱਖਣ ’ਤੇ ਰੋਕ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਅਗਲੇ 60 ਦਿਨਾਂ ਲਈ ਹੁਕਮ ਜਾਰੀ ਕੀਤੇ ਗਏ ਹਨ। ਡੀ. ਸੀ. ਨੇ ਕਿਹਾ ਕਿ ਹਥਿਆਰਾਂ ਦਾ ਲੋਕ ਗਲਤ ਇਸਤੇਮਾਲ ਕਰ ਸਕਦੇ ਹਨ, ਜੋਕਿ ਸ਼ਾਂਤੀ ਭੰਗ ਕਰਨ ਦੇ ਨਾਲ ਹੀ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਹਨ। ਇਹੀ ਕਾਰਨ ਹੈ ਕਿ ਜਾਨਲੇਵਾ ਹਥਿਆਰ, ਨੇਜੇ, ਡਾਂਗਾਂ, ਤਲਵਾਰਾਂ, ਚਾਕੂ ਅਤੇ ਲੋਹੇ ਦੀ ਰਾਡ ਆਦਿ ਰੱਖਣ ’ਤੇ ਪਾਬੰਦੀ ਲਾ ਦਿੱਤੀ ਹੈ।