ਗੁਰਮਤਿ ਮਰਿਆਦਾ ਦੀ ਬਹਾਲੀ ਲਈ ਪੰਥਕ ਅਕਾਲੀ ਲਹਿਰ ਨੇ ਕੀਤੀ ਕਾਨਫਰੰਸ
Saturday, Mar 16, 2019 - 04:47 AM (IST)
ਚੰਡੀਗੜ੍ਹ (ਪਾਬਲਾ)-ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਗੁਰਦੁਆਰਾ ਪ੍ਰਬੰਧਾਂ ਵਿਚ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸ਼ੁਰੂ ਕੀਤੀ ਪੰਥਕ ਅਕਾਲੀ ਲਹਿਰ ਵਲੋਂ ਕਾਨਫਰੰਸ ਕੀਤੀ ਗਈ, ਜਿਸ ਵਿਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਣਾਉਣ ਦਾ ਮਕਸਦ ਗੁਰੂ ਘਰਾਂ ਦੇ ਪ੍ਰਬੰਧ ਚਲਾਉਣਾ ਸੀ ਪਰ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਰਿਆਦਾ ਨੂੰ ਛਿੱਕੇ ਟੰਗ ਕੇ ਆਪਣੀ ਨਿੱਜੀ ਜਗੀਰ ਬਣਾ ਲਿਆ ਹੈ। ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਗਈ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋਡ਼ ਹੈ। ਇਸ ਮੌਕੇ ਭਾਈ ਸੁਖਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਡੂਮਛੇਡ਼ੀ ਤੇ ਜਗਦੇਵ ਸਿੰਘ ਮਲੋਆ ਨੇ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਲਈ ਸਿਆਸੀ ਮੋਹ ਤੋਂ ਪਹਿਲਾਂ ਧਾਰਮਿਕ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੁਰੂ ਘਰਾਂ ਵਿਚ ਮਰਿਆਦਾ ਲਾਗੂ ਕਰਨ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਲਈ ਕਿਹਾ। ਇਸ ਮੌਕੇ ਸਾਹਿਬ ਸਿੰਘ ਬਡਾਲੀ, ਗੁਰਸੇਵ ਸਿੰਘ ਹਰਪਾਲਪੁਰ, ਤੇਜਪਾਲ ਸਿੰਘ ਕੁਰਾਲੀ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਕੁਲਵੰਤ ਸਿੰਘ ਖੋਖਰ, ਗੁਰਵਿੰਦਰ ਸਿੰਘ ਮੁੰਧੋ, ਅਮਰਜੀਤ ਸਿੰਘ ਸਿਸਵਾਂ, ਭਾਈ ਸਤਨਾਮ ਸਿੰਘ ਸੋਲਖੀਆ, ਅੱਛਰ ਸਿੰਘ ਕੰਸਾਲਾ, ਮਲਕੀਤ ਸਿੰਘ ਨਵਾਂ ਗਰਾਓਂ, ਬਲਵਿੰਦਰ ਸਿੰਘ ਮਨਾਣਾ ਤੇ ਮਲਕੀਤ ਸਿੰਘ ਸਿਊਂਕ ਆਦਿ ਹਾਜ਼ਰ ਸਨ।