ਡੇਰੇ ਤੇ ਪੰਥ ਦੇ ਨਾਂ ''ਤੇ ਸੁਖਬੀਰ ਬਾਦਲ ਨੇ ਮੰਗੀਆਂ ਵੋਟਾਂ, ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ
Tuesday, May 07, 2019 - 09:16 AM (IST)
ਚੰਡੀਗੜ੍ਹ(ਹਾਂਡਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 3 ਅਤੇ 4 ਅਪ੍ਰੈਲ ਨੂੰ ਪਬਲਿਕ ਮੀਟਿੰਗਾਂ 'ਚ ਪੰਥ, ਸ੍ਰੀ ਅਕਾਲ ਤਖ਼ਤ ਅਤੇ ਡੇਰੇ ਦੇ ਨਾਂ 'ਤੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। ਸੋਸ਼ਲਿਸਟ ਪਾਰਟੀ ਨੇ ਇਸ ਦਾ ਨੋਟਿਸ ਲੈਂਦੇ ਹੋਏ 26 ਅਪ੍ਰੈਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਨਿਯਮਾਂ ਦੇ ਤਹਿਤ ਕਿਸੇ ਵੀ ਜਾਤੀ ਜਾਂ ਧਰਮ ਦਾ ਵਾਸਤਾ ਦੇ ਕੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ, ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਲਈ ਅਕਾਲੀ ਦਲ ਦੀ ਰਾਜਨੀਤਕ ਮਾਨਤਾ ਰੱਦ ਕੀਤੀ ਜਾਵੇ।
ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਸੁਖਬੀਰ ਬਾਦਲ ਨੇ ਚੋਣ ਸਭਾ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕੀ ਜਨਤਾ ਉਸ ਪਾਰਟੀ ਨੂੰ ਵੋਟ ਪਾਵੇਗੀ ਜੋ ਪੰਥ ਦੇ ਖਿਲਾਫ ਹੈ, ਜਦੋਂਕਿ ਇਕ ਹੋਰ ਜਨ ਸਭਾ 'ਚ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਅਤੇ ਡੇਰੇ ਦੇ ਨਾ 'ਤੇ ਵੋਟ ਦੇਣ ਦੀ ਅਪੀਲ ਕੀਤੀ ਸੀ।
ਇਲੈਕਸ਼ਨ ਕਮਿਸ਼ਨ ਵਲੋਂ ਇਸ ਸਬੰਧੀ ਕਾਰਵਾਈ ਨਹੀਂ ਕੀਤੀ ਤਾਂ ਸੋਸ਼ਲਿਸਟ ਪਾਰਟੀ ਦੇ ਉਪ ਪ੍ਰਧਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ, ਜਿਸ 'ਤੇ ਸੋਮਵਾਰ ਨੂੰ ਸੁਣਵਾਈ ਹੋਈ। ਸੁਣਵਾਈ ਦੇ ਸਮੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਲੋਂ ਵੀ ਕੌਂਸਲ ਮੌਜੂਦ ਰਹੇ ਜਿਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਕੋਲ ਸ਼ਿਕਾਇਤ ਗਈ ਹੈ ਅਤੇ ਉਸ 'ਤੇ ਵਿਚਾਰ ਕੀਤਾ ਜਾ ਚੁੱਕਿਆ ਹੈ। ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਮਿਸ਼ਨ ਦੇ ਕੌਂਸਲ ਨੇ ਕੋਰਟ ਦੇ ਹੁਕਮ 'ਤੇ 3 ਦਿਨ ਦੇ ਅੰਦਰ ਸ਼ਿਕਾਇਤ 'ਤੇ ਫੈਸਲਾ ਲੈਣ ਦੀ ਗੱਲ ਮੰਨ ਲਈ।