ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ
Friday, Oct 02, 2020 - 09:10 AM (IST)
ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸ ਦੇ ਵਿਰੋਧ 'ਚ ਲਗਾਤਾਰ ਕਿਸਾਨਾਂ ਵਲੋਂ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਡਾਨੀ ਅੰਬਾਨੀ ਤੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵਲੋਂ ਭੜਾਸ ਕੱਢੀ ਜਾ ਰਹੀ ਹੈ। ਇਸ ਵਿਰੋਧ 'ਚ ਜਿਥੇ ਸਿਆਸੀ ਆਗੂਆਂ ਵਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਉਥੇ ਹੀ ਦੂਜੇ ਪਾਸੇ ਪੰਜਾਬ 'ਚ ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪਾਂ ਨੂੰ ਵੀ ਦਰਜਨਾਂ ਸਿਆਸੀ ਆਗੂ ਹੀ ਚਲਾ ਰਹੇ ਹਨ, ਜਿਨ੍ਹਾਂ ਪੰਪਾਂ ਤੋਂ ਹੁਣ ਤੇਲ ਵਿਕਰੀ ਭੁੰਜੇ ਡਿੱਗੀ ਹੈ। ਪੂਰੇ ਮੁਲਕ 'ਚ ਰਿਲਾਇੰਸ ਕੰਪਨੀ ਦੇ 1394 ਤੇਲ ਹਨ, ਜਿਨ੍ਹਾਂ 'ਚੋਂ 50 ਪੈਟਰੋਲ ਪੰਪ ਹਰਿਆਣਾ 'ਚ ਵੀ ਹਨ। ਪੰਜਾਬ ਦੇ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਇੱਕ ਪਾਸੇ ਸਿਆਸੀ ਆਗੂ ਕਾਰਪੋਰੇਟਾਂ ਨੂੰ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਆੜੇ ਹੱਥੀਂ ਵੀ ਲੈ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਾਰੋਬਾਰਾਂ ਦੇ ਡੀਲਰ ਵੀ ਬਣੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਸੁਖਬੀਰ ਬਾਦਲ ਕੋਲ ਰਿਲਾਇੰਸ ਦੇ ਦੋ ਪੈਟਰੋਲ ਪੰਪ
ਇਥੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ ਇਸ ਸਮੇਂ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪ ਹਨ। ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ 'ਚ ਪਿੰਡ ਰੁਪਾਣਾ ਕੋਲ ਰਿਲਾਇੰਸ ਪੰਪ ਹੈ, ਜਿਥੇ ਤੇਲ ਦੀ ਵਿਕਰੀ ਹੁਣ 500 ਲੀਟਰ ਘੱਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਕੋਲ ਹੈ, ਜਿਥੇ ਅੱਜ ਤੇਲ ਦੀ ਵਿਕਰੀ ਨਾਮਾਤਰ ਹੀ ਰਹੀ। ਬਾਦਲ ਪਰਿਵਾਰ ਦੇ ਇਨ੍ਹਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਹੀ ਹਨ। ਡੂਮਵਾਲੀ ਕੋਲ ਇਸ ਰਿਲਾਇੰਸ ਪੰਪ 'ਤੇ ਕਿਸਾਨਾਂ ਵਲੋਂ ਬੀਤੇ ਦਿਨ ਧਰਨਾ ਦਿੱਤਾ ਗਿਆ। ਬੀਕੇਯੂ (ਉਗਰਾਹਾਂ) ਵਲੋਂ ਖੇਤੀ ਕਾਨੂੰਨ ਬਣਨ ਮਗਰੋਂ ਅੰਬਾਨੀ ਦੇ ਕਾਰੋਬਾਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਵੀਰਵਾਰ ਪੰਜਾਬ 'ਚ ਕਰੀਬ 15 ਤੇਲ ਪੰਪਾਂ 'ਤੇ ਧਰਨੇ ਦਿੱਤੇ ਹਨ।
ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ
ਤ੍ਰਿਪਤ ਬਾਜਵਾ ਦੇ ਪੁੱਤ ਕੋਲ ਇਕ ਪੈਟਰੋਲ ਪੰਪ
ਇਥੇ ਜੇਕਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਬੇਟੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਤੇਲ ਪੰਪ ਹੈ, ਜੋ ਕੱਥੂਨੰਗਲ 'ਚ ਹੈ। ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ 'ਚ ਰਿਲਾਇੰਸ ਦਾ ਪੈਟਰੋਲ ਪੰਪ ਹੈ।ਇਸ ਦੇ ਨਾਲ ਹੀ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕਾ ਵਿਖੇ ਰਿਲਾਇੰਸ ਦਾ ਪੰਪ ਹੈ। ਇਸ ਪੰਪ ਦੇ ਮੈਨੇਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਜ਼ਲ ਦੀ ਵਿਕਰੀ 25 ਤੋਂ 40 ਫੀਸਦੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਅੱਜ ਆਖ ਗਏ ਹਨ ਕਿ ਉਹ ਭਲਕੇ ਪੰਪ ਅੱਗੇ ਧਰਨਾ ਲਾਉਣਗੇ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ
ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ 'ਚ ਵੀ ਇਕ ਪੰਥਕ ਆਗੂ ਦਾ ਰਿਲਾਇੰਸ ਪੈਟਰੋਲ ਪੰਪ ਹੈ। ਜ਼ਿਲ੍ਹਾ ਮੁਕਤਸਰ ਦੇ ਇਕ ਸਾਬਕਾ ਐੱਮ.ਐੱਲ.ਏ. ਕੋਲ ਵੀ ਰਿਲਾਇੰਸ ਦੇ ਸ਼ੇਅਰ ਹਨ। ਗੜ੍ਹਸ਼ੰਕਰ 'ਚ ਵੀ ਇਕ ਪੁਰਾਣੇ ਅਕਾਲੀ ਅਤੇ ਮੌਜੂਦਾ ਕਾਂਗਰਸੀ ਆਗੂ ਕੋਲ ਰਿਲਾਇੰਸ ਦਾ ਪੰਪ ਹੈ। ਮਾਨਸਾ ਜ਼ਿਲ੍ਹੇ 'ਚ ਇਕ ਕਾਂਗਰਸੀ ਆਗੂ ਦਾ ਤੇਲ ਪੰਪ ਹੈ। ਕਪੂਰਥਲਾ ਜ਼ਿਲ੍ਹੇ ਦੇ ਰਿਲਾਇੰਸ ਪੰਪ ਡੀਲਰ ਹਰਦੀਪ ਸਿੰਘ ਨੇ ਦੱਸਿਆ ਕਿ 20 ਫੀਸਦੀ ਵਿਕਰੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਆਖਿਆ ਕਿ ਰਿਲਾਇੰਸ ਕੰਪਨੀ ਦੀ ਥਾਂ ਡੀਲਰ ਵੱਧ ਪ੍ਰਭਾਵਿਤ ਹੋ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਰਿਲਾਇੰਸ ਦੇ 85 ਪੈਟਰੋਲ ਪੰਪ ਹਨ, ਜਿਨ੍ਹਾਂ 'ਚੋਂ 35 ਪੰਪ ਖੁਦ ਕੰਪਨੀ ਚਲਾ ਰਹੀ ਹੈ।