ਹੁਣ 25 ਦੀ ਥਾਂ 97 ਪੇਡ ਪਾਰਕਿੰਗਜ਼ ਕਰਨ ਦੀ ਸਿਫਾਰਿਸ਼

06/16/2019 5:35:04 PM

ਚੰਡੀਗੜ੍ਹ (ਰਾਏ) - ਸ਼ਹਿਰ 'ਚ ਪੇਡ ਪਾਰਕਿੰਗਜ਼ ਅਤੇ ਮਲਟੀਲੈਵਲ ਪਾਰਕਿੰਗਜ਼ ਦੇ ਸੰਚਾਲਨ ਅਤੇ ਪ੍ਰਬੰਧ ਲਈ ਅਪਲਾਈ ਕਰਨ ਸਬੰਧੀ ਦਸਤਾਵੇਜ਼ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਤੈਅ ਕਰਨ ਲਈ ਗਠਿਤ ਉਪ-ਕਮੇਟੀ ਦੀ ਬੈਠਕ ਸ਼ਨੀਵਾਰ ਨੂੰ ਸਾਬਕਾ ਮੇਅਰ ਅਰੁਣ ਸੂਦ ਦੀ ਪ੍ਰਧਾਨਗੀ 'ਚ ਹੋਈ। ਇਸ ਬੈਠਕ 'ਚ ਹਾਲਾਂਕਿ ਪਾਰਕਿੰਗ ਦੇ ਰੇਟ ਵਧਾਉਣ ਜਾਂ ਘਟਾਉਣ 'ਤੇ ਚਰਚਾ ਨਹੀਂ ਹੋਈ ਪਰ ਪਾਰਕਿੰਗਜ਼ ਦੇ ਰੇਟਾਂ 'ਚ ਵਾਧਾ ਨਾ ਕਰਨ ਦੀ ਵਿਚਾਰ ਚਰਚਾ ਕੀਤੀ ਗਈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਸ਼ਹਿਰ 'ਚ ਕੁਲ 25 ਪੇਡ ਪਾਰਕਿੰਗਜ਼ ਸਨ ਅਤੇ ਹੁਣ ਇਨ੍ਹਾਂ ਨੂੰ ਵਧਾ ਕੇ 97 ਅਤੇ ਇਕ ਮਲਟੀਲੈਵਲ ਪਾਰਕਿੰਗ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਪਾਰਕਿੰਗ ਵਧਣ ਕਾਰਣ ਨਿਗਮ ਨੂੰ ਪਾਰਕਿੰਗ ਰੇਟ ਵਧਾਉਣ ਦੀ ਜ਼ਰੂਰਤ ਨਹੀਂ ਪਏਗੀ।

ਵਾਹਨਾਂ ਲਈ ਸਹੀ ਥਾਂ ਨਿਰਧਾਰਿਤ ਹੋਵੇ
ਮੈਬਰਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਮੇਟੀ ਦੀਆਂ ਟਿੱਪਣੀਆਂ ਅਨੁਸਾਰ ਨਿਯਮਾਂ ਅਤੇ ਸ਼ਰਤਾਂ 'ਚ ਬਦਲਾਅ ਕਰਨ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਅੰਤਿਮ ਫ਼ੈਸਲਾ ਅਤੇ ਸੋਧਾਂ ਲਈ ਅਰਜੀ ਦਸਤਾਵੇਜ਼ ਨਿਗਮ ਸਦਨ ਦੀ ਅਗਲੀ ਬੈਠਕ 'ਚ ਰੱਖਣ। ਕਮੇਟੀ ਨੇ ਸੁਝਾਅ ਦਿੱਤਾ ਕਿ ਹਰ ਇਕ ਪਾਰਕਿੰਗ ਥਾਂ 'ਚ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਦੀ ਪਾਰਕਿੰਗ ਲਈ ਉੱਚਿਤ ਥਾਂ ਨਿਰਧਾਰਿਤ ਕੀਤਾ ਜਾਵੇ। 
ਦੋ ਪਾਰਕਿੰਗਜ਼ ਪੇਡ ਨਾ ਕਰਨ ਦੀ ਸਿਫਾਰਿਸ਼
ਬੈਠਕ 'ਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਪਾਰਕਿੰਗ ਲੈਣ ਵਾਲੇ ਠੇਕੇਦਾਰ ਮਨਮਰਜ਼ੀ ਨਾ ਕਰਨ ਅਤੇ ਪਹਿਲਾਂ ਦੀ ਤਰ੍ਹਾਂ ਨਿਗਮ ਨੂੰ ਨੁਕਸਾਨ ਨਾ ਚੁੱਕਣਾ ਪਏ। ਬੈਠਕ 'ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 99 ਪੁਰਾਣੇ ਅਤੇ ਨਵੇਂ ਪਾਰਕਿੰਗ ਥਾਵਾਂ ਦੇ ਸੰਚਾਲਨ 'ਤੇ ਵਿਸਥਾਰ ਨਾਲ ਚਰਚਾ ਹੋਈ। ਕਮੇਟੀ ਨੇ 99 'ਚੋਂ ਦੋ ਜਗ੍ਹਾ ਪਾਰਕਿੰਗ ਪੇਡ ਨਾ ਕਰਨ 'ਤੇ ਸਹਿਮਤੀ ਜਤਾਈ। ਕਮੇਟੀ ਦੇ ਮੈਂਬਰਾਂ ਨੇ ਯੋਗਤਾ, ਪੈਮਾਨਾ, ਟੈਂਡਰ ਦੀ ਮਿਆਦ, ਭੁਗਤਾਨ ਦੇ ਢੰਗ, ਬੈਂਕ ਗਾਰੰਟੀ, ਜੁਰਮਾਨਾ ਅਤੇ ਹੋਰ ਨਿਯਮ ਅਤੇ ਸ਼ਰਤਾਂ ਸਹਿਤ ਟੈਂਡਰ ਦਸਤਾਵੇਜ਼ 'ਤੇ ਚਰਚਾ ਕੀਤੀ। ਕਮੇਟੀ ਦੀ ਅਗਲੀ ਬੈਠਕ ਬੁਲਾਈ ਗਈ ਹੈ, ਜਿਸ 'ਚ ਪਾਰਕਿੰਗਸ ਦੇ ਰੇਟ ਤੈਅ ਕਰਨ 'ਤੇ ਚਰਚਾ ਕੀਤੀ ਜਾਵੇਗੀ।
...ਤਾਂ ਠੇਕੇਦਾਰ ਦਾ ਸਾਮਾਨ ਹੋਵੇਗਾ ਜ਼ਬਤ
ਮੈਂਬਰਾਂ ਦਾ ਵਿਚਾਰ ਸੀ ਕਿ ਬੋਲੀ ਲਗਾਉਣ ਵਾਲਿਆਂ ਦੀ ਭਾਗੀਦਾਰੀ ਅਤੇ ਯੋਗਤਾ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਪਾਰਕਿੰਗ ਖੇਤਰ ਦੇ ਹਿਸਾਬ ਨਾਲ ਰਾਖਵੇਂ ਮੁੱਲ ਤੈਅ ਕਰਨ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਫ਼ੈਸਲਾ ਲਿਆ ਕਿ ਕਰਾਰ ਖਤਮ ਹੋਣ ਤੋਂ ਪਹਿਲਾਂ ਪਾਰਕਿੰਗ ਥਾਂ ਨੂੰ ਛੱਡਣ ਵਾਲੇ ਦੇ ਸਾਰੇ ਬੁਨਿਆਦੀ ਢਾਂਚੇ ਅਤੇ ਸਮੱਗਰੀ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਸਮਝੌਤਾ ਪੂਰਾ ਹੋਣ ਤੋਂ ਬਾਅਦ ਵੀ ਉਹ ਨਿਗਮ ਦੀ ਜਾਇਦਾਦ ਹੋਵੇਗੀ।
ਕਰਾਫਡ ਦੇ ਚੇਅਰਮੈਨ ਨੇ ਸੌਂਪਿਆ ਮੀਮੋ
ਸ਼ਨੀਵਾਰ ਨੂੰ ਕਰਾਫਡ ਦੇ ਚੇਅਰਮੈਨ ਹਿਤੇਸ਼ ਪੁਰੀ ਦੀ ਅਗਵਾਈ 'ਚ ਨਵੇਂ ਪਾਰਕਿੰਗ ਚਾਰਜਿਜ਼ ਦੇ ਸੁਝਾਵਾਂ ਸਬੰਧੀ ਅਰੁਣ ਸੂਦ, ਚੇਅਰਮੈਨ ਪਾਰਕਿੰਗ ਕਮੇਟੀ, ਨਗਰ ਨਿਗਮ ਨੂੰ ਮੀਮੋ ਦਿੱਤਾ ਗਿਆ। ਪਾਰਕਿੰਗ ਦੇ ਘੱਟ ਤੋਂ ਘੱਟ ਚਾਰਜ ਲਾਗੂ ਕਰਨ 'ਤੇ ਜ਼ੋਰ ਦਿੱਤਾ ਅਤੇ ਹਿਤੇਸ਼ ਪੁਰੀ ਨੇ ਕਿਹਾ ਕਿ ਜਿਥੋਂ ਤਕ ਸੰਭਵ ਹੋ ਸਕੇ, ਜ਼ਿਆਦਾ ਆਵਾਜਾਈ ਅਤੇ ਭੀੜ ਵਾਲੀਆਂ ਕਮਰਸ਼ੀਅਲ ਥਾਵਾਂ 'ਤੇ ਹੀ ਪੇਡ ਪਾਰਕਿੰਗ ਰੱਖੀ ਜਾਵੇ। ਜਿਵੇਂ ਸੈਕਟਰ-17, 18, 19, 22, 34, 35 'ਚ। ਮੁੱਖ ਬੁਲਾਰੇ ਡਾ. ਅਨੀਸ਼ ਗਰਗ ਨੇ ਕਿਹਾ ਕਿ ਘੱਟ ਭੀੜ ਵਾਲੇ ਸੈਕਟਰਾਂ ਦੀ ਮਾਰਕੀਟ 'ਚ ਪਾਰਕਿੰਗ ਮੁਫ਼ਤ ਹੋਣੀ ਚਾਹੀਦੀ ਹੈ।  
4 ਜ਼ੋਨ ਵੱਖ-ਵੱਖ ਕੰਪਨੀ ਨੂੰ ਦਿੱਤੇ ਜਾਣ
ਕਮੇਟੀ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਪੇਡ ਪਾਰਕਿੰਗਜ਼ ਨੂੰ ਚਲਾਉਣ ਲਈ ਸ਼ਹਿਰ 'ਚ ਚਾਰ ਜ਼ੋਨ ਬਣਾਏ ਜਾਣ। ਇਸ ਲਈ ਸੈਕਟਰ-16 ਅਤੇ 17 ਇਕ ਜ਼ੋਨ 'ਚ ਰੱਖਿਆ ਜਾਵੇ, ਸੈਕਟਰ-22, 34, 35 ਅਤੇ 43 ਦੂਜੇ ਜ਼ੋਨ 'ਚ ਅਤੇ ਸੈਕਟਰ-20, 26, ਮਨੀਮਾਜਰਾ, ਏਲਾਂਤੇ ਮਾਲ ਇੰਡਸਟ੍ਰੀਅਲ ਏਰੀਆ ਫੇਜ਼-1 ਨੂੰ ਜ਼ੋਨ-3 'ਚ ਫਨ ਰਿਪਬਲਿਕ ਅਤੇ ਟੂਰਿਸਟ ਬੱਸਾਂ, ਮਨੀਮਾਜਰਾ ਨੂੰ 4 ਜ਼ੋਨ 'ਚ ਰੱਖਿਆ ਜਾਵੇ। ਦੱਸਿਆ ਗਿਆ ਕਿ ਇਸ ਵਾਰ ਪਹਿਲਾਂ ਦੀ ਤਰ੍ਹਾਂ ਇਕ ਕੰਪਨੀ ਨੂੰ ਹੀ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਚਲਾਉਣ ਦੀ ਇਜਾਜ਼ਤ ਦੇਣ ਦੀ ਬਜਾਏ ਕਮੇਟੀ ਵਲੋਂ ਬਣਾਏ ਗਏ ਚਾਰ ਜ਼ੋਨ ਵੱਖ-ਵੱਖ ਕੰਪਨੀਜ਼ ਨੂੰ ਦਿੱਤੇ ਜਾਣਗੇ। ਵੱਖ-ਵੱਖ ਸੰਚਾਲਕਾਂ ਵਲੋਂ ਪਾਰਕਿੰਗਸ ਚਲਾਉਣ ਦਾ ਨਿਗਮ ਨੂੰ ਇਕ ਫਾਇਦਾ ਇਹ ਵੀ ਹੋਵੇਗਾ ਕਿ ਜੇਕਰ ਇਕ ਜ਼ੋਨ ਦਾ ਪਾਰਕਿੰਗ ਠੇਕੇਦਾਰ ਪਾਰਕਿੰਗ ਛੱਡ ਕੇ ਵੀ ਜਾਂਦਾ ਹੈ ਤਾਂ ਸ਼ਹਿਰ ਦੇ ਹੋਰ ਭਾਗਾਂ 'ਚ ਇਸਦਾ ਅਸਰ ਨਹੀਂ ਪਵੇਗਾ। ਬੈਠਕ 'ਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਨਿਗਮ ਅਜਿਹੇ ਨਿਯਮ ਬਣਾਵੇ, ਤਾਂ ਕਿ ਠੇਕੇਦਾਰ ਜੇਕਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਲਗਾਮ ਪਾਈ ਜਾ ਸਕੇ। ਕਮੇਟੀ ਨੇ ਪਹਿਲਾਂ ਦੀ ਪੇਡ ਪਾਰਕਿੰਗ ਦੇ ਨਿਯਮ ਅਤੇ ਸ਼ਰਤਾਂ 'ਚ ਕੁਝ ਜ਼ਿਆਦਾ ਫੇਰਬਦਲ ਨਹੀਂ ਕੀਤਾ ਹੈ।


rajwinder kaur

Content Editor

Related News