ਪੰਜਾਬ ''ਚ ਜੰਗਲਾਂ ਹੇਠ 35583 ਏਕੜ ਰਕਬਾ ਵਧਿਆ : ਧਰਮਸੌਤ
Wednesday, Feb 06, 2019 - 09:51 AM (IST)
ਚੰਡੀਗੜ੍ਹ (ਕਮਲ) : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਦੇ ਜੰਗਲਾਂ ਹੇਠ 35583 ਏਕੜ ਰਕਬਾ ਵਧਿਆ ਹੈ। ਉਨ੍ਹਾਂ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਅਤੇ ਸਾਫ਼ ਵਾਤਾਵਰਣ ਲਈ ਚੁੱਕੇ ਵਿਸ਼ੇਸ਼ ਯਤਨਾਂ ਕਰਕੇ ਸੂਬੇ 'ਚ ਜੰਗਲਾਂ ਹੇਠ ਖੇਤਰ 'ਚ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 5 ਜੂਨ, 2018 ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ 'ਘਰ-ਘਰ ਹਰਿਆਲੀ' ਮੁਹਿੰਮ ਅਧੀਨ ਹੁਣ ਤੱਕ 65 ਲੱਖ ਬੂਟੇ ਮੁਫਤ ਵੰਡੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 'ਘਰ-ਘਰ ਹਰਿਆਲੀ' ਮੁਹਿੰਤ ਤਹਿਤ ਜਿੱਥੇ ਸੂਬੇ ਦੀਆਂ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਮੁਫਤ ਬੂਟੇ ਵੰਡੇ ਗਏ ਹਨ, ਉੱਥੇ ਹੀ 'ਆਈ ਹਰਿਆਲੀ' ਆਨਲਾਈਨ ਐਪਲੀਕੇਸ਼ਨ ਰਾਹੀਂ ਵੀ ਲੋਕਾਂ ਨੂੰ ਪ੍ਰਤੀ ਵਿਅਕਤੀ 15-15 ਬੂਟੇ ਉਨ੍ਹਾਂ ਦੀ ਨਜ਼ਦੀਕੀ ਨਰਸਰੀ ਤੋਂ ਮੁਹੱਈਆ ਕਰਵਾਏ ਗਏ ਹਨ। ਹੁਣ ਤੱਕ 18 ਲੱਖ ਬੂਟੇ ਆਨਲਾਈਨ ਬੁਕਿੰਗ ਰਾਹੀਂ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਤੇ ਸੂਬੇ ਦੇ ਹਰ ਪਿੰਡ ਵਿਚ 550 ਬੂਟੇ ਲਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਲੋਨਲ ਹਾਈਟੈੱਕ ਨਰਸਰੀ ਕਾਦੀਆਂ, ਗੁਰਦਾਸਪੁਰ ਰਾਹੀਂ 10 ਲੱਖ ਮੁਫ਼ਤ ਬੂਟੇ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਚੰਗੀ ਸਿਹਤ ਬਣਾਈ ਰੱਖਣ ਦੇ ਮਕਸਦ ਨਾਲ 4 ਲੱਖ ਬੂਟੇ ਵੀ ਸੂਬੇ ਦੇ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ।