ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਸ ਕਰਮਚਾਰੀ ਹੁਣ ਹਰ ਮਹੀਨੇ ਹੋਣਗੇ ਸਨਮਾਨਤ

Monday, Feb 17, 2020 - 09:14 AM (IST)

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) : ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਸ ਕਰਮਚਾਰੀਆਂ ਨੂੰ ਮਾਨਤਾ ਦੇਣ ਲਈ ਇਕ ਮਹੀਨਾਵਾਰ 'ਮਾਣ ਤੇ ਪ੍ਰਸ਼ੰਸਾ' ਸਕੀਮ ਸ਼ੁਰੂ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਪਹਿਲਕਦਮੀ ਦੀ ਸ਼ੁਰੂਆਤ ਇਥੇ ਸ਼ੁੱਕਰਵਾਰ ਨੂੰ ਪੀ. ਪੀ. ਏ. ਫਿਲੌਰ ਵਿਖੇ ਪੁਲਸ ਦੇ ਉਚ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤੀ ਗਈ ਅਤੇ ਤਿੰਨ ਮਹਿਲਾ ਸਬ ਇੰਸਪੈਕਟਰਾਂ ਸਮੇਤ 15 ਪੁਲਸ ਮੁਲਾਜ਼ਮਾਂ ਨੂੰ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ। ਪੁਰਸਕਾਰ ਹਾਸਲ ਕਰਨ ਵਾਲਿਆਂ 'ਚ ਦੋ ਇੰਸਪੈਕਟਰ, ਛੇ ਸਬ-ਇੰਸਪੈਕਟਰ, ਤਿੰਨ ਸਹਾਇਕ ਸਬ-ਇੰਸਪੈਕਟਰ, ਇਕ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲ ਸ਼ਾਮਲ ਸਨ।

ਡੀ. ਜੀ. ਪੀ. ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਪੰਜਾਬ ਪੁਲਸ ਦੇ ਜਵਾਨਾਂ ਦੁਆਰਾ ਆਪਣੀਆਂ ਡਿਊਟੀਆਂ ਦੌਰਾਨ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਪੇਸ਼ੇਵਰ ਕੰਮਾਂ ਨੂੰ ਮਾਨਤਾ ਦੇਣਾ ਅਤੇ ਸਰਹੱਦੀ ਸੂਬਿਆਂ 'ਚ ਤਾਇਨਾਤ ਪੁਲਸ ਬਲਾਂ ਦੇ ਮਨੋਬਲ ਨੂੰ ਹੋਰ ਉੱਚਾ ਕਰਨਾ ਹੈ, ਜੋ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਸਕੀਮ ਪੁਲਸ ਮੁਲਾਜ਼ਮਾਂ ਨੂੰ ਵਧੀਆ ਕਾਰਗੁਜ਼ਾਰੀ ਦੇ ਕੇ ਆਪਣੇ ਪੇਸ਼ੇ 'ਚ ਹੋਰ ਉੱਨਤੀ ਕਰਨ ਲਈ ਪ੍ਰੇਰਿਤ ਕਰੇਗੀ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਪਹਿਲ ਕਦਮੀ ਨੂੰ ਮਹੀਨਾਵਾਰ ਰੂਪ 'ਚ ਲਿਆਉਣ ਦੀ ਯੋਜਨਾ ਬਣਾਈ ਹੈ ਅਤੇ ਉਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਨਗੇ ਅਤੇ ਉਨ੍ਹਾਂ ਲਈ ਚੰਡੀਗੜ੍ਹ ਦੇ ਪੰਜਾਬ ਪੁਲਸ ਹੈੱਡਕੁਆਰਟਰ ਵਿਖੇ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਵੀ ਕਰਨਗੇ। ਹਰੇਕ ਮਹੀਨੇ ਦੀ 25 ਤਰੀਕ ਤੱਕ ਵੱਖ-ਵੱਖ ਜ਼ਿਲਿਆਂ ਦੇ ਪੁਲਸ ਮੁਖੀਆਂ ਤੋਂ ਨਾਮਜ਼ਦਗੀਆਂ ਦੀ ਮੰਗ ਕੀਤੀ ਜਾਏਗੀ। ਨਾਵਾਂ ਦਾ ਐਲਾਨ ਹਰੇਕ ਮਹੀਨੇ ਦੀ 5 ਤਰੀਕ ਤੱਕ ਕੀਤਾ ਜਾਵੇਗਾ।


cherry

Content Editor

Related News