ਕੇਂਦਰੀ ਜੇਲ ''ਚ ਲਿਆਂਦੇ ਮੁਲਜ਼ਮਾਂ ਤੋਂ ਮਿਲੇ ਮੋਬਾਇਲ ਅਤੇ ਬੈਟਰੀਆਂ
Wednesday, Dec 02, 2020 - 04:35 PM (IST)
ਗੁਰਦਾਸਪੁਰ (ਹਰਮਨ, ਸਰਬਜੀਤ) : ਕੇਂਦਰੀ ਜੇਲ ਗੁਰਦਾਸਪੁਰ 'ਚ ਲਿਆਂਦੇ ਮੁਲਜ਼ਮਾਂ ਕੋਲੋਂ ਮੋਬਾਇਲ, ਬੈਟਰੀਆਂ ਅਤੇ ਚਾਰਜਰ ਬਰਾਮਦ ਹੋਣ 'ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਅਧਿਕਾਰੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਰੌਸ਼ਨੀ ਦੇਵੀ ਪੁੱਤਰੀ ਪ੍ਰਕਾਸ਼ ਸਿੰਘ ਵਾਸੀ ਨਵਾਂ ਸ਼ਹਿਰ ਖ਼ਿਲਾਫ਼ ਨਵਾਂ ਸ਼ਹਿਰ ਦੇ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਗੁਰਦਾਸਪੁਰ ਜੇਲ 'ਚ ਦਾਖ਼ਲ ਕਰਨ ਮੌਕੇ ਜਦੋਂ ਜੇਲ ਦੀ ਡਿਊੜੀ 'ਚ ਰੂਟੀਨ ਚੈਕਿੰਗ ਕੀਤੀ ਗਈ ਤਾਂ ਉਕਤ ਦੇ ਬੈਗ ਵਿਚੋਂ ਇਕ ਮੋਬਾਇਲ, 2 ਬੈਟਰੀਆਂ ਅਤੇ 2 ਚਾਰਜਰ ਬਰਾਮਦ ਹੋਏ। ਇਸ ਕਾਰਣ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸੁਪਰਡੈਂਟ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹਵਾਲਾਤੀ ਕੱਟੂ ਪੁੱਤਰ ਨਿਰਮਲ ਸਿੰਘ ਵਾਸੀ ਏਕਤਾ ਨਗਰ ਅੰਮ੍ਰਿਤਸਰ ਨੂੰ ਆਰਮਜ ਐਕਟ ਤਹਿਤ ਜੇਲ 'ਚ ਲਿਆਂਦਾ ਗਿਆ ਸੀ, ਜਿਥੇ ਪੁਲਸ ਗਾਰਡ ਵੱਲੋਂ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੂਟਾਂ 'ਚੋਂ ਸੈਮਸੰਗ ਕੰਪਨੀ ਦਾ ਮੋਬਾਇਲ, ਇਕ ਵੋਡਾਫੋਨ ਦੀ ਸਿਮ, ਇਕ ਬੈਟਰੀ ਅਤੇ ਚਾਰਜਰ ਬਰਾਮਦ ਕੀਤਾ ਗਿਆ। ਪੁਲਸ ਨੇ ਉਕਤ ਹਵਾਲਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।