ਬੈਟਿੰਗ ਐਪਸ ’ਤੇ ਵਿਖਾਏ ਜਾ ਰਹੇ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ

Thursday, Nov 16, 2023 - 03:45 PM (IST)

ਬੈਟਿੰਗ ਐਪਸ ’ਤੇ ਵਿਖਾਏ ਜਾ ਰਹੇ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ

ਜਲੰਧਰ (ਇੰਟ.) : ਸੱਟੇਬਾਜ਼ੀ ਐਪਸ ’ਤੇ ਵਿਖਾਏ ਜਾ ਰਹੇ ਦੇਸ਼ ਦੀਆਂ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਕੇਂਦਰ ਸਰਕਾਰ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ। ਐਡਵਰਟਾਈਜ਼ਮੈਂਟ ਸਟੈਂਡਰਜ਼ ਕੌਂਸਲ ਆਫ ਇੰਡੀਆ (ਏ. ਐੱਸ. ਸੀ. ਆਈ.) ਨੇ ਵੀ ਇਸ ਤਰ੍ਹਾਂ ਦੇ ਭੁਲੇਖਾਪਾਊ ਅਤੇ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਾਂ ’ਤੇ ਰੋਕ ਲਾਉਣ ਦੀ ਵਕਾਲਤ ਕੀਤੀ ਹੈ। ਏ. ਐੱਸ. ਸੀ. ਆਈ. ਦੀ ਸੀ. ਈ. ਓ. ਮਨੀਸ਼ਾ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਰਸ਼ਕਾਂ ਨੂੰ ਪ੍ਰਮੁੱਖ ਭਾਰਤੀ ਹਸਤੀਆਂ ਵਿਖਾਏ ਜਾਣ ਵਾਲੇ ਆਫਸ਼ੋਰ ਸੱਟੇਬਾਜ਼ੀ ਇਸ਼ਤਿਹਾਰਾਂ ਦੀ ਸਮੱਸਿਆ ਚਿੰਤਾਜਨਕ ਹੈ।

ਇਹ ਵੀ ਪੜ੍ਹੋ : ਰੇਲਵੇ ਪ੍ਰਬੰਧਾਂ ਤੋਂ ਨਾਖੁਸ਼ ਯਾਤਰੀ, ਪੂਜਾ ਲਈ ਘਰ ਪਹੁੰਚਣ ਲਈ ਜਾਨ ਖਤਰੇ ’ਚ ਪਾ ਕੇ ਕਰ ਰਹੇ ਯਾਤਰਾ

ਇਸ਼ਤਿਹਾਰਾਂ ਨਾਲ ਜੁੜੀਆਂ ਹਨ ਕਈ ਵੱਡੀਆਂ ਹਸਤੀਆਂ
ਸੱਟੇਬਾਜ਼ੀ ਨਾਲ ਸਬੰਧਤ ਇਸ਼ਤਿਹਾਰਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਭਿਨੇਤਾ ਰਣਬੀਰ ਕਪੂਰ, ਕਾਜਲ ਅਗਰਵਾਲ, ਕਿਆਰਾ ਅਡਵਾਨੀ, ਸੁਨੀਲ ਸ਼ੈੱਟੀ, ਨਵਾਜ਼ੂਦੀਨ ਸਿੱਦੀਕੀ, ਰੈਪਰ ਬਾਦਸ਼ਾਹ ਅਤੇ ਖੇਡ ਸਿਤਾਰੇ ਸੰਜੇ ਮਾਂਜਰੇਕਰ, ਮਿਤਾਲੀ ਰਾਜ, ਸਾਇਨਾ ਨੇਹਵਾਲ ਸਮੇਤ ਇਕ ਦਰਜਨ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਇਸ਼ਤਿਹਾਰਾਂ ਵਿਚ ਸਾਹਮਣੇ ਆਏ ਹਨ। ਵੱਖ-ਵੱਖ ਵੈੱਬਸਾਈਟਾਂ, ਐਪਸ ਤੇ ਸਰੋਗੇਟ ਨਿਊਜ਼ ਸਾਈਟਾਂ ’ਤੇ ਸੱਟੇਬਾਜ਼ੀ ਦੇ ਇਸ਼ਤਿਹਾਰਾਂ ਵਿਚ ਅਜਿਹੀਆਂ ਹਸਤੀਆਂ ਨੂੰ ਵਿਖਾਇਆ ਗਿਆ ਹੈ। ਇਨ੍ਹਾਂ ਵਿਚ ਪਰਿਮੈਚ, ਫੇਅਰਪਲੇਅ, ਬੈਟਵੇ, ਖੇਲ ਰਾਜਾ ਤੇ ਵੁਲਫ 777 ਪ੍ਰਮੁੱਖਤਾ ਨਾਲ ਸ਼ਾਮਲ ਹਨ, ਜਦੋਂਕਿ ਕਪੂਰ, ਅਡਵਾਨੀ, ਰਾਜ ਤੇ ਨੇਹਵਾਲ ਫੇਅਰਪਲੇਅ ਲਈ ਇਸ਼ਤਿਹਾਰ ਕਰਨ ਵਾਲੇ ਚਿਹਰੇ ਰਹੇ ਹਨ। ਅਭਿਨੇਤਰੀ ਈਸ਼ਾ ਗੁਪਤਾ ਆਨਲਾਈਨ ਸੱਟੇਬਾਜ਼ੀ ਐਪ ਖੇਲ ਰਾਜਾ ਨੂੰ ਉਤਸ਼ਾਹ ਦਿੰਦੀ ਹੈ ਅਤੇ ਰਿਐਲਿਟੀ ਸ਼ੋਅ ਐੱਮ ਟੀ. ਵੀ. ਰੋਡੀਜ਼ ਸਟਾਰ ਰਣਵਿਜੇ ਸਿੰਘ ਸਿੰਘਾ ਤੇ ਅੰਗਰੇਜ਼ੀ ਕ੍ਰਿਕਟ ਕਮੈਂਟੇਟਰ ਕੇਵਿਨ ਪੀਟਰਸਨ ਬੈਟਵੇ ਲਈ ਇਸ਼ਤਿਹਾਰ ਕਰਦੇ ਹਨ।

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਸਬੰਧੀ ਪੂਰੀ ਤਰ੍ਹਾਂ ਸਖ਼ਤ, 35 ਕਿਸਾਨਾਂ ''ਤੇ ਮਾਮਲੇ ਦਰਜ

ਆਫਸ਼ੋਰ ਸੱਟੇਬਾਜ਼ੀ ਕੰਪਨੀਆਂ ਦਾ ਇਸ਼ਤਿਹਾਰ ਗੈਰ-ਕਾਨੂੰਨੀ
ਜਾਣਕਾਰੀ ਮੁਤਾਬਕ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਵਿਚ ਆਫਸ਼ੋਰ ਸੱਟੇਬਾਜ਼ੀ ਕੰਪਨੀਆਂ ਦਾ ਇਸ਼ਤਿਹਾਰ ਗੈਰ-ਕਾਨੂੰਨੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਵੀ ਟੈਲੀਵਿਜ਼ਨ ਤੇ ਡਿਜੀਟਲ ਸਮੇਤ ਸਾਰੇ ਪਲੇਟਫਾਰਮਾਂ ’ਤੇ ਆਨਲਾਈਨ ਸੱਟੇਬਾਜ਼ੀ ਇਸ਼ਤਿਹਾਰਾਂ ਤੇ ਸਰੋਗੇਟਸ ’ਤੇ ਰੋਕ ਲਾ ਦਿੱਤੀ ਹੈ। ਇਸ ਸਬੰਧੀ ਮੰਤਰਾਲਾ ਨੇ ਟੀ. ਵੀ. ਚੈਨਲਾਂ ਅਤੇ ਆਨਲਾਈਨ ਪਲੇਟਫਾਰਮਜ਼ ਨੂੰ ਤਲਬ ਕੀਤਾ ਹੈ। ਮੰਤਰਾਲਾ ਦਾ ਵੀ ਮੰਨਣਾ ਹੈ ਕਿ ਪ੍ਰਕਾਸ਼ਕਾਂ ਨੂੰ ਅਜਿਹੇ ਇਸ਼ਤਿਹਾਰ ਵਿਖਾਉਣੇ ਬੰਦ ਕਰਨੇ ਚਾਹੀਦੇ ਹਨ, ਜੋ ਖਪਤਕਾਰਾਂ ਲਈ ਆਰਥਿਕ ਜੋਖਿਮ ਦਾ ਕਾਰਨ ਬਣ ਸਕਦੇ ਹਨ।

ਰੋਕ ਦੇ ਬਾਵਜੂਦ ਸਰੋਗੇਟ ਡੋਮੇਨ ਤੋਂ ਚੱਲ ਰਹੀਆਂ ਹਨ ਐਪਸ
ਕਪੂਰ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਸਲਾਹ ਜਾਰੀ ਕਰ ਰਿਹਾ ਹੈ, ਜਦੋਂਕਿ ਏ. ਐੱਸ. ਸੀ. ਆਈ. ਨੇ ਵੀ ਕਾਰਵਾਈ ਲਈ ਸੱਟੇਬਾਜ਼ੀ ਕੰਪਨੀਆਂ ਦੇ ਸਰੋਗੇਟ ਇਸ਼ਤਿਹਾਰਾਂ ਸਮੇਤ ਅਜਿਹੇ ਇਸ਼ਤਿਹਾਰਾਂ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਹੈ। ਉਦਾਹਰਣ ਵਜੋਂ ਲੋਟਸ 365 ਵਰਗੀਆਂ ਸੱਟੇਬਾਜ਼ੀ ਐਪਸ ਅਭਿਨੇਤਾ ਗੋਵਿੰਦਾ, ਸੁਨੀਲ ਸ਼ੈੱਟੀ ਤੇ ਤੇਜਸਵੀ ਪ੍ਰਕਾਸ਼ ਨੂੰ ਸੋਸ਼ਲ ਮੀਡੀਆ ’ਤੇ ਵਿਖਾਉਂਦੀਆਂ ਹਨ। ਇਲੈਕਟ੍ਰਾਨਿਕਸ ਤੇ ਆਈ. ਟੀ. ਮੰਤਰਾਲਾ ਵਲੋਂ ਫਰਵਰੀ 2023 ’ਚ ਦੇਸ਼ ਵਿਚ ਲੋਟਸ 365 ’ਤੇ ਰੋਕ ਲਾਏ ਜਾਣ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਅਜਿਹੀਆਂ ਐਪਸ ਅਜੇ ਵੀ ਚੱਲਣ ਵਿਚ ਸਮਰੱਥ ਹਨ ਕਿਉਂਕਿ ਭਾਵੇਂ ਉਨ੍ਹਾਂ ਦੇ ਡੋਮੇਨ ’ਤੇ ਰੋਕ ਲਾ ਦਿੱਤੀ ਗਈ ਹੈ ਪਰ ਉਹ ਸਰੋਗੇਟ ਡੋਮੇਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਮਹਾਦੇਵ ਸੱਟੇਬਾਜ਼ੀ ਐਪ ਮਨੀ ਲਾਂਡ੍ਰਿੰਗ ਜਾਂਚ ਦੇ ਸਿਲਸਿਲੇ ’ਚ ਕਾਮੇਡੀਅਨ ਕਪਿਲ ਸ਼ਰਮਾ, ਅਭਿਨੇਤਰੀਆਂ ਹੁਮਾ ਕੁਰੈਸ਼ੀ ਤੇ ਹਿਨਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂਨੇ ਐਪ ਨੂੰ ਉਤਸ਼ਾਹ ਦਿੱਤਾ ਹੈ।

ਗੈਰ-ਕਾਨੂੰਨੀ ਇਸ਼ਤਿਹਾਰਾਂ ਲਈ ਹੋ ਸਕਦਾ ਹੈ ਜੁਰਮਾਨਾ
ਇਸ ਤਰ੍ਹਾਂ ਦੇ ਇਸ਼ਤਿਹਾਰ ਮੀਡੀਆ ਪਲੇਟਫਾਰਮ ’ਤੇ ਖੂਬ ਨਜ਼ਰ ਆ ਰਹੇ ਹਨ। ਅਜਿਹੇ ਸਾਰੇ ਇਸ਼ਤਿਹਾਰ ਮੌਜੂਦਾ ਕੇਂਦਰੀ ਖਪਤਕਾਰ ਸੁਰੱਖਿਆ ਕਾਨੂੰਨ (ਸੀ. ਸੀ. ਪੀ. ਏ.) ਦੀ ਉਲੰਘਣਾ ਹਨ। ਇਸ ਤੋਂ ਇਲਾਵਾ ਮੌਜੂਦਾ ਏ. ਐੱਸ. ਸੀ. ਆਈ. ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਗੇਮਿੰਗ ਇਸ਼ਤਿਹਾਰ ਭੁਲੇਖਾਪਾਊ ਨਹੀਂ ਹੋਣੇ ਚਾਹੀਦੇ। ਇਹ ਬੱਚਿਆਂ ਜਾਂ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਹੀਂ ਹੋਣੇ ਚਾਹੀਦੇ। ਖਪਤਕਾਰ ਸੁਰੱਖਿਆ ਕਾਨੂੰਨ 2019 ਦੀ ਧਾਰਾ-21 ਅਤੇ ਭੁਲੇਖਾਪਾਊ ਇਸ਼ਤਿਹਾਰਾਂ ਦੀ ਰੋਕਥਾਮ ਹਦਾਇਤਾਂ 2022 ਅਨੁਸਾਰ ਗੈਰ-ਕਾਨੂੰਨੀ ਇਸ਼ਤਿਹਾਰਾਂ ਨਾਲ ਸਬੰਧਤ ਸਮਰਥਨਕਰਤਾਵਾਂ ਨੂੰ 10 ਤੋਂ 50 ਲੱਖ ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਪਹਿਲੀ ਵਾਰ ਕੋਈ ਸਿੱਖ ਇਟਲੀ 'ਚ ਸਿਵਲ ਪ੍ਰੋਟੈਕਸ਼ਨ ਦੀ ਨੋਵੇਲਾਰਾ ਇਕਾਈ ਦਾ ਬਣਿਆ ਪ੍ਰਧਾਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News