ਕੇਂਦਰ ਸਰਕਾਰ ਨੇ ਭਾਰਤ ਦੇ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ, ਕਿਸੇ ਵੀ ਮੰਗ ’ਤੇ ਨਹੀਂ ਉੱਤਰੀ ਪੂਰੀ : ਉਗਰਾਹਾਂ

Monday, Jan 31, 2022 - 10:48 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਸੰਗਰੂਰ ਵੱਲੋਂ ਪੰਜਾਬ ਭਰ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ 'ਚ ਡੀ.ਸੀ. ਦਫ਼ਤਰ ਸੰਗਰੂਰ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਅਨਾਜ ਮੰਡੀ ਸੰਗਰੂਰ ਵਿਖੇ ਭਰਵਾਂ ਇਕੱਠ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ। ਅੱਜ ਦਾ ਅਰਥੀ ਫੂਕ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੀਤਾ ਗਿਆ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਕੇਂਦਰ ਸਰਕਾਰ ਨਾਲ ਜੋ ਮੰਗਾਂ ਦੀ ਗੱਲਬਾਤ ਹੋਈ ਸੀ, ਉਨ੍ਹਾਂ ’ਚੋਂ ਕੇਂਦਰ ਸਰਕਾਰ ਕਿਸੇ ਵੀ ਮੰਗ ਉੱਤੇ ਪੂਰੀ ਨਹੀਂ ਉਤਰੀ, ਇਨ੍ਹਾਂ ਮੰਗਾਂ 'ਚ ਲਖੀਮਪੁਰ ਖੀਰੀ ਵਿਖੇ ਜੋ ਕਤਲਕਾਂਡ ਅਜੈ ਮਿਸ਼ਰਾ ਦੀ ਸ਼ਹਿ ਉੱਤੇ ਹੋਇਆ, ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਬਰਖ਼ਾਸਤ ਕਰਕੇ ਉਸ ਦੀ ਗਿ੍ਫ਼ਤਾਰੀ ਪਾ ਕੇ ਦੇ ਜੇਲ੍ਹ ਭੇਜਿਆ ਜਾਵੇ, ਭਾਰਤ ਦੇ ਕਿਸਾਨਾਂ ’ਤੇ ਜੋ ਅੰਦੋਲਨ ਦੌਰਾਨ ਕੇਸ ਪਾਏ ਸਨ, ਉਹ ਸਾਰੇ ਕੇਸ ਫੌਰੀ ਵਾਪਸ ਲਏ ਜਾਣ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਹਮਲੇ ਦਾ ਬਿਕਰਮ ਮਜੀਠੀਆ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)

ਦਿੱਲੀ ਘੋਲ ਦੇ ਸ਼ਹੀਦਾਂ ਨੂੰ ਫੌਰੀ ਬਣਦਾ ਮੁਆਵਜ਼ਾ ਦਿੱਤਾ ਜਾਵੇ। ਐੱਮ. ਐੱਸ. ਪੀ. ’ਤੇ ਕਮੇਟੀ ਬਣਾ ਕੇ ਖਰੀਦ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਅੱਜ ਦੇ ਇਕੱਠ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਸਾਰੇ ਸਕੂਲ ਫੌਰੀ ਖੋਲ੍ਹੇ ਜਾਣ, ਜੋ ਕੋਰੋਨਾ ਦੀ ਆੜ ਹੇਠ ਸਰਕਾਰ ਨੇ ਬੰਦ ਕਰ ਦਿੱਤੇ ਸਨ। ਉਨ੍ਹਾਂ ਕਿ ਸਰਕਾਰ ਦੇ ਰੰਗ ਨਿਆਰੇ ਹਨ, ਇਕ ਪਾਸੇ ਹਰ ਤਰ੍ਹਾਂ ਦੇ ਸਕੂਲ ਬੰਦ ਹਨ ਪਰ ਦੂਜੇ ਪਾਸੇ ਸਿਆਸੀ ਰੈਲੀਆਂ 'ਚ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ। ਸ਼ਰਾਬ ਦੇ ਠੇਕਿਆਂ ਅੱਗੇ ਵੱਡੀਆਂ-ਵੱਡੀਆਂ ਲਾਈਨਾਂ ਲੱਗ ਰਹੀਆਂ ਹਨ। ਕੇਂਦਰ ਸਰਕਾਰ ਨੇ ਅਜੈ ਮਿਸ਼ਰਾ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਸਗੋਂ ਕਿਸਾਨਾਂ ’ਤੇ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨਾਂ ’ਤੇ ਪਾਏ ਕੇਸ ਵਾਪਸ ਲਏ ਜਾਣ, ਜੇਲ੍ਹਾਂ ’ਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਲਖੀਮਪੁਰ ਖੀਰੀ ਕਾਂਡ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ, ਆਗੂਆਂ ਨੇ ਮੰਗ ਕੀਤੀ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਲੋੜਵੰਦ ਕਿਸਾਨਾਂ, ਮਜ਼ਦੂਰਾਂ ਨੂੰ ਫੌਰੀ ਰਾਸ਼ਨ ਦੇਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਜਨਕ ਸਿੰਘ ਭੁਟਾਲ, ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ (ਸੋਮਾ), ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੇ ਸਤਨਾਮ ਮਾਣਕ ਮਾਜਰਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ, ਦੋ ਸੀਟਾਂ ਤੋਂ ਚੋਣ ਲੜਨਗੇ CM ਚੰਨੀ


Manoj

Content Editor

Related News