ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀ. ਓ. ਐੱਸ. ਮਸ਼ੀਨਾਂ ਰਾਹੀਂ ਰੇਅ ਦੀ ਵਿਕਰੀ ਕਰਨੀ ਹੋਈ ਔਖੀ

Friday, Nov 24, 2017 - 01:51 PM (IST)

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀ. ਓ. ਐੱਸ. ਮਸ਼ੀਨਾਂ ਰਾਹੀਂ ਰੇਅ ਦੀ ਵਿਕਰੀ ਕਰਨੀ ਹੋਈ ਔਖੀ

ਰਾਮਾਂ ਮੰਡੀ (ਪਰਮਜੀਤ)-ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਜੀ. ਐੱਸ. ਟੀ. ਦੀ ਸਮੱਸਿਆ ਤੋਂ ਅਜੇ ਵਪਾਰੀਆਂ ਨੂੰ ਨਿਜਾਤ ਨਹੀਂ ਮਿਲੀ ਸੀ ਕਿ ਕੇਂਦਰ ਸਰਕਾਰ ਨੇ ਫਰਟੀਲਾਈਜ਼ਰ ਡੀਲਰ ਦੁਕਾਨਦਾਰ ਵਪਾਰੀਆਂ ਲਈ ਇਕ ਹੋਰ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ।
ਕੇਂਦਰ ਸਰਕਾਰ ਨੇ ਇਕ ਨਵੀਂ ਸ਼ੁਰੂ ਕੀਤੀ ਡਾਇਰੈਕਟ ਬੈਨੇਫਿਟ ਟਰਾਂਸਫਰ ਸਕੀਮ ਲਾਗੂ ਕਰ ਕੇ ਸੀਡ ਡੀਲਰਾਂ ਨੂੰ ਪੀ. ਓ. ਐੱਸ. ਪੁਆਇੰਟ ਆਫ ਸੇਲ ਮਸ਼ੀਨ ਰਾਹੀਂ ਹੀ ਰੇਅ ਦੀ ਵਿਕਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਕਾਰਨ ਫਰਟੀਲਾਈਜ਼ਰ ਡੀਲਰਾਂ ਨੂੰ ਇਸ ਮਸ਼ੀਨ ਰਾਹੀਂ ਰੇਅ ਦੀ ਵਿਕਰੀ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਰੋਸ ਜ਼ਾਹਰ ਕਰਦਿਆਂ ਪੈਸਟੀਸਾਈਡ ਸੀਡ ਐਂਡ ਫਰਟੀਲਾਈਜ਼ਰ ਯੂਨੀਅਨ ਰਾਮਾਂ ਦੇ ਚੇਅਰਮੈਨ ਕ੍ਰਿਸ਼ਨ ਲਾਲ ਭਾਗੀਵਾਂਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮਸ਼ੀਨ ਰਾਹੀਂ ਰੇਅ ਦੀ ਵਿਕਰੀ ਕਰਨ ਦੀ ਯੋਜਨਾ ਤਾਂ ਲਾਗੂ ਕਰ ਦਿੱਤੀ ਹੈ ਪਰ ਇਸ ਮਸ਼ੀਨ ਰਾਹੀਂ ਰੇਅ ਦੀ ਵਿਕਰੀ ਕਰਨ ਲਈ ਸਬੰਧਤ ਫਰਟੀਲਾਈਜ਼ਰ ਡੀਲਰਾਂ ਨੂੰ ਕੋਈ ਵੀ ਵਿਸ਼ੇਸ਼ ਟਰੇਨਿੰਗ ਦੇਣ ਲਈ ਕੋਈ ਵਰਕਸ਼ਾਪ ਵੀ ਆਯੋਜਿਤ ਨਹੀਂ ਕੀਤੀ। ਇਸ ਤੋਂ ਇਲਾਵਾ ਇਸ ਮਸ਼ੀਨ ਰਾਹੀਂ ਸਬੰਧਤ ਕਿਸਾਨ ਦਾ ਆਧਾਰ ਕਾਰਡ ਤੇ ਅੰਗੂਠਾ ਅਤੇ ਸਬੰਧਤ ਡੀਲਰ ਦਾ ਆਧਾਰ ਕਾਰਡ ਅਤੇ ਅੰਗੂਠਾ ਲਾ ਕੇ ਹੀ ਰੇਅ ਸਬੰਧਤ ਕਿਸਾਨਾਂ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਪਾਸੋਂ ਜਦ ਡੀਲਰ ਨੂੰ ਰੇਅ ਸਪਲਾਈ ਹੁੰਦੀ ਹੈ ਤਾਂ ਆਨਲਾਈਨ ਬਿੱਲ ਨਾਲ ਦੀ ਨਾਲ ਸਬੰਧਤ ਡੀਲਰ ਨੂੰ ਨਹੀਂ ਆਉਂਦੇ। ਉਹ ਇਕ ਜਾਂ ਦੋ ਦਿਨ ਬਾਅਦ ਆਉਂਦੇ ਹਨ, ਜਿਸ ਕਾਰਨ ਰੇਅ ਹੁੰਦੇ ਹੋਏ ਵੀ ਬਿੱਲਾਂ ਤੋਂ ਬਿਨਾਂ ਸਬੰਧਤ ਡੀਲਰ ਕਿਸਾਨ ਨੂੰ ਰੇਅ ਜਾਰੀ ਨਹੀਂ ਕਰ ਸਕਦਾ।
ਰੇਅ ਵਿਕ੍ਰੇਤਾ ਦੁਕਾਨਦਾਰਾਂ ਨੂੰ ਆਨਲਾਈਨ ਬਿੱਲ ਨੂੰ ਪ੍ਰਾਪਤ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਅ ਸਪਲਾਈ ਕਰਨ ਲਈ ਮਸ਼ੀਨ ਰਾਹੀਂ ਸੇਲ ਕਰਨੀ ਤਾਂ ਸ਼ੁਰੂ ਹੋ ਜਾਂਦੀ ਹੈ ਪਰ ਡੀਲਰ ਉਸ ਸਮੇਂ ਤੱਕ ਰੇਅ ਵੇਚ ਨਹੀਂ ਸਕਦਾ ਜਦੋਂ ਤੱਕ ਬਿੱਲ ਸਬੰਧਤ ਕੰਪਨੀ ਪਾਸੋਂ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਪੀ. ਓ. ਐੱਸ. ਮਸ਼ੀਨ ਨੂੰ ਚਲਾਉਣ ਸਮੇਂ ਇੰਟਰਨੈਟ ਜੋੜਨ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਮਸ਼ੀਨ 4ਜੀ ਸਿਮ ਨੂੰ ਸਪੋਰਟ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਦਰਜ ਕਰਨ ਸਮੇਂ ਕਿਸਾਨਾਂ ਦਾ ਅੰਗੂਠਾ ਕੰਮ ਨਹੀਂ ਕਰਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸਾਨ ਨੂੰ ਦੁਬਾਰਾ ਬਿੱਲ ਕੱਟਣਾ ਪਵੇ ਤਾਂ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿਸਟਮ ਨੂੰ ਸਹੀ ਕੀਤਾ ਜਾਵੇ ਅਤੇ ਡੀਲਰਾਂ 'ਤੇ ਜੋ ਵਾਧੂ ਬੋਝ ਪਾਇਆ ਗਿਆ ਹੈ, ਉਸ ਨੂੰ ਦਰੁੱਸਤ ਕੀਤਾ ਜਾਵੇ।


Related News