ਕੇਂਦਰ ਸਰਕਾਰ ਕਿਸਾਨਾਂ ਤੋਂ 2 ਹਜ਼ਾਰ ਰੁਪਏ ਕੁਇੰਟਲ ਕਣਕ ਖਰੀਦ ਅੱਗੇ 3500 ਰੁਪਏ ’ਚ ਵੇਚ ਰਹੀ : ਨਵਜੋਤ ਸਿੱਧੂ

Friday, Apr 15, 2022 - 02:29 PM (IST)

ਕੇਂਦਰ ਸਰਕਾਰ ਕਿਸਾਨਾਂ ਤੋਂ 2 ਹਜ਼ਾਰ ਰੁਪਏ ਕੁਇੰਟਲ ਕਣਕ ਖਰੀਦ ਅੱਗੇ 3500 ਰੁਪਏ ’ਚ ਵੇਚ ਰਹੀ : ਨਵਜੋਤ ਸਿੱਧੂ

ਮਾਛੀਵਾੜਾ ਸਾਹਿਬ (ਟੱਕਰ) - ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ ਮਾਛੀਵਾੜਾ ਅਨਾਜ ਮੰਡੀ ਵਿਖੇ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਮਿਲਣ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ 2000 ਰੁਪਏ ਪ੍ਰਤੀ ਕੁਇੰਟਲ ਕਣਕ ਖਰੀਦ ਕੇ ਅੰਤਰਰਾਸ਼ਟਰੀ ਪੱਧਰ ’ਤੇ 3500 ਰੁਪਏ ਕੁਇੰਟਲ ਵੇਚ ਰਹੀ ਹੈ। ਇਸ ਲਈ ਕਿਸਾਨਾਂ ਨੂੰ ਘੱਟੋ ਘੱਟ 500 ਰੁਪਏ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ। ਸਿੱਧੂ ਨੇ ਕਿਹਾ ਕਿ ਯੂਕ੍ਰੇਨ-ਰੂਸ ਵਿਚਕਾਰ ਲੜਾਈ ਦੌਰਾਨ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ’ਤੇ 25 ਫੀਸਦੀ ਕਣਕ ਘੱਟ ਗਈ ਹੈ, ਜਿਸ ਕਾਰਨ ਇਸ ਦੀ ਜ਼ਰੂਰਤ ਵਧ ਗਈ ਹੈ। 

ਉਨ੍ਹਾਂ ਕਿਹਾ ਕਿ ਪਹਿਲਾਂ ਕਣਕ ਅੰਤਰਰਾਸ਼ਟਰੀ ਪੱਧਰ ’ਤੇ 2200 ਰੁਪਏ ਕੁਇੰਟਲ ਵਿਕਦੀ ਸੀ ਜੋ ਹੁਣ 3500 ਰੁਪਏ ਕੁਇੰਟਲ ’ਤੇ ਪਹੁੰਚ ਗਈ ਹੈ। ਪ੍ਰਾਈਵੇਟ ਕਾਰਪੋਰੇਟ ਘਰਾਣੇ ਸਮਰਥਨ ਮੁੱਲ ਨਾਲੋਂ 200 ਰੁਪਏ ਪ੍ਰਤੀ ਕੁਇੰਟਲ ਮਹਿੰਗੀ ਖਰੀਦ ਕੇ ਅੱਗੇ 1300 ਰੁਪਏ ਦਾ ਮੁਨਾਫ਼ਾ ਕਮਾ ਰਹੇ ਹਨ। ਸਿੱਧੂ ਨੇ ਕਿਸਾਨਾਂ ਦੇ ਹੱਕ ’ਚ ਅਵਾਜ਼ ਉਠਾਉਂਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ ਦੇ ਫ਼ਸਲ ’ਚੋਂ ਕਮਾਏ ਮੁਨਾਫ਼ੇ ’ਚੋਂ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ ਦੇ ਹੱਕਦਾਰ ਤਾਂ ਹਨ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਫ਼ਸਲਾਂ ਦੇ ਸਮਰਥਨ ਮੁੱਲ ਵਿਚ 5 ਰੁਪਏ ਮੁੱਲ ਦਾ ਵਾਧਾ ਕਰ ਕਿਸਾਨਾਂ ਤੋਂ ਡੀਜ਼ਲ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਰੇਟ ਵਧਾ ਕੇ 50 ਰੁਪਏ ਵਾਪਸ ਲੈ ਰਹੀ ਹੈ, ਜੋ ਕਿਸਾਨਾਂ ਨਾਲ ਸਿੱਧੇ ਤੌਰ ’ਤੇ ਧੱਕਾ ਹੈ। 

ਸਿੱਧੂ ਨੇ ਕਿਹਾ ਕਿ ਜ਼ਿਆਦਾ ਗਰਮੀ ਪੈਣ ਕਾਰਨ ਇਸ ਵਾਰ ਕਣਕ ਦਾ ਝਾੜ ਪਹਿਲਾਂ ਹੀ ਘਟ ਗਿਆ ਹੈ, ਜਿਸ ਲਈ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਜ਼ਰੂਰ ਸੋਚੇ। ਇਸ ਮੌਕੇ ਨਵਤੇਜ ਸਿੰਘ ਚੀਮਾ, ਅਰੁਣ ਸੇਖੜੀ, ਨਾਜ਼ਰ ਸਿੰਘ ਮਨਸ਼ਾਹੀਆ (ਸਾਰੇ ਸਾਬਕਾ ਵਿਧਾਇਕ), ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਆਦਿ ਮੌਜੂਦ ਸਨ।

ਪੰਜਾਬ ਸਰਕਾਰ ਨੂੰ ਰਗਡ਼ੇ ਲਗਾਉਂਦੇ ਕਿਹਾ ਕਿ ਡੀਜ਼ਲ ਦਾ ਰੇਟ 10 ਰੁਪਏ ਘਟਾਵੇ
ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਗੜੇ ਲਗਾਉਂਦੇ ਕਿਹਾ ਕਿ ਜਦੋਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਚਰਨਜੀਤ ਚੰਨੀ ਮੁੱਖ ਮੰਤਰੀ ਅਤੇ ਉਹ ਪਾਰਟੀ ਪ੍ਰਧਾਨ ਸਨ ਤਾਂ ਉਨ੍ਹਾਂ ਵਲੋਂ ਪੈਟਰੋਲ ਤੇ ਡੀਜ਼ਲ ਦੇ 10 ਰੁਪਏ ਤੱਕ ਰੇਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਸੀ। ਹੁਣ ਫਿਰ ਕੇਂਦਰ ਨੇ ਪੈਟਰੋਲੀਅਮ ਪਦਾਰਥਾਂ ਦੇ ਰੇਟ ਬੇਤਹਾਸ਼ਾ ਵਧਾ ਦਿੱਤੇ ਹਨ। ‘ਆਪ’ ਸਰਕਾਰ ਇਨ੍ਹਾਂ ਦੇ ਰੇਟ ਘਟਾਵੇ। ਡੀਜ਼ਲ ਦੇ ਭਾਅ ਘਟਾਉਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਸਿੱਧੂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇੱਕ ਦੂਸਰੇ ’ਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਸੂਬੇ ਦੇ ਮੁੱਦਿਆਂ ਦੀ ਪਹਿਰੇਦਾਰੀ ਕਰੇ।

300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਮੁੱਦੇ ’ਤੇ ਹੁਣ ਚੁਟਕਲੇ ਭੁੱਲ ਚਿੜ੍ਹੇ ਵਰਗਾ ਨਿਕਲਿਆ ਮੂੰਹ 
ਨਵਜੋਤ ਨੇ ‘ਆਪ’ ਦੀ ਸਰਕਾਰ ਦੇ ਮੁੱਖ ਮੰਤਰੀ ਦਾ ਨਾਮ ਲਏ ਬਿਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਪਹਿਲਾਂ ਤਾਂ ਵੱਡੇ-ਵੱਡੇ ਦਮਗਜ਼ੇ ਮਾਰੇ ਸੀ ਕਿ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਵਾਂਗੇ ਅਤੇ ਹੁਣ ਚਿੜ੍ਹੇ ਜਿੱਡੇ ਮੂੰਹ ਨਿਕਲਿਆ ਪਿਆ ਤੇ ਚੁਟਕਲੇ ਭੁੱਲੇ ਪਏ ਹਨ। ਲੋਕਾਂ ਨੂੰ ਮੁਫ਼ਤ ਬਿਜਲੀ ਤਾਂ ਕੀ ਮਿਲਣੀ ਸੀ ਸਗੋਂ 8-8 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਬਿਜਲੀ ਦੀ ਜ਼ਰੂਰਤ 8 ਹਜ਼ਾਰ ਮੈਗਾਵਾਟ ਹੈ ਅਤੇ ਜਦੋਂ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ ਇਹ 15 ਹਜ਼ਾਰ ਮੈਗਾਵਾਟ ਤੱਕ ਪਹੁੰਚ ਜਾਣੀ ਹੈ ਫਿਰ ਉਸ ਮੁੱਦੇ ’ਤੇ ਬੋਲ ਕੇ ਸਰਕਾਰ ਦੇ ਕੁੰਡੇ ਖੋਲ੍ਹੇ ਜਾਣਗੇ।


author

rajwinder kaur

Content Editor

Related News