ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਵਧਿਆ ਟਕਰਾਅ, ਕੇਂਦਰ ਨੂੰ ਦਿੱਤੀ ਚੇਤਾਵਨੀ

11/30/2020 6:41:00 PM

ਚੰਡੀਗੜ੍ਹ,ਨਵੀ ਦਿੱਲੀ : ਨਵੇਂ ਖੇਤੀ ਕਾਨੂੰਨੀ ਖ਼ਿਲਾਫ ਕਿਸਾਨਾਂ ਦਾ ਅੰਦੋਲਨ ਸੋਮਵਾਰ ਨੂੰ ਪੰਜਵੇ ਦਿਨ ਵੀ ਜਾਰੀ ਹੈ। ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਦੇਸ਼ ਦਾ ਨਹੀਂ ਹੈ। ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਜਿਥੇ ਕੇਂਦਰ ਅੜੀਅਲ ਰਵਈਆ ਅਪਣਾ ਰਹੀ ਹੈ, ਉਥੇ ਹੀ ਕਿਸਾਨ ਵੀ ਪੈਰ ਪਿਛਾਂਹ ਖਿੱਚਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਨ੍ਹਾਂ ਵਲੋਂ ਦਿੱਲੀ 'ਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ 'ਚ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਪਬਲਿਕ ਤੇ ਪ੍ਰਾਈਵੇਟ ਟਰਾਂਸਪੋਰਟ ਬੰਦ ਕਰ ਦੇਣਗੇ। ਹੁਣ ਕਿਸਾਨਾਂ ਨੂੰ ਹਰਿਆਣਾ ਦੇ ਖਾਪਾਂ, ਦਿੱਲੀ ਦੇ ਬੱਸ, ਟਰੱਕ, ਆਟੋ ਤੇ ਟੈਕਸੀ
ਯੂਨੀਅਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਹਾਂ ਉਥੇ ਖੜੇ ਰਵਾਂਗੇ, ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੋਦੀ ਕਿਸਾਨਾਂ ਦੇ ਮਨਾਂ ਦੀ ਸੁਣੇ। ਅਸੀਂ ਮੋਦੀ ਨੂੰ ਆਪਣੇ ਮਨ ਦੀ ਗੱਲ ਸੁਣਾਉਣ ਆਏ ਹਾਂ। ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹੁਣ ਤੱਕ ਕਿਸਾਨਾਂ ਖਿਲਾਫ 30-31 ਕੇਸ ਦਰਜ ਕੀਤੇ ਹਨ। ਸਰਕਾਰ ਨੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਹਨ। ਕਾਰਪੋਰੇਟ ਬਲੈਕਮੇਲਿੰਗ ਕਰੇਗਾ ਅਤੇ ਹਰ ਨਾਗਰਿਕ ਨੂੰ ਪ੍ਰਭਾਵਿਤ ਕਰੇਗਾ। ਕਿਸਾਨਾਂ ਅਤੇ ਦੇਸ਼ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਰੋਨਾ 'ਚ ਕਾਰਪੋਰੇਟ ਆਮਦਨੀ ਵੀ ਵਧ ਰਹੀ ਹੈ। ਇਹ ਲੜਾਈ ਕਾਰਪੋਰੇਟ ਬਨਾਮ ਜਨਤਾ ਵਿਚਕਾਰ ਹੈ। ਉਨ੍ਹਾਂ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਆਰਥਿਕ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਇਹ ਇਕ ਇਤਿਹਾਸਕ ਲੜਾਈ ਹੈ। ਅਸੀਂ ਇੱਕ ਲੰਬੀ ਲੜਾਈ ਲਈ ਆਏ ਹਾਂ।  

ਉਧਰ ਖਾਪ ਪੰਚਾਇਤਾਂ ਨੇ ਦਿੱਲੀ ਬਾਰਡਰ 'ਤੇ ਪਹੁੰਚਣ ਦਾ ਐਲਾਨ ਕੀਤਾ ਹੈ। ਉਹ ਪੂਰੀ ਤਨਦੇਹੀ ਨਾਲ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਮੁਤਾਬਕ ਜੇਕਰ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਹ ਤਖਤਾ ਪਲਟ ਦੇਣਗੇ। ਉਨ੍ਹਾਂ ਕਿਹਾ ਕਿ 3 ਦਸੰਬਰ ਦੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਸ਼ਰਤ ਰੱਖੀ ਕਿ ਬੁਰਾੜੀ ਗਰਾਊਂਡ 'ਤੇ ਕਿਸਾਨਾਂ ਨੂੰ ਆਉਣ-ਜਾਣ 'ਤੇ ਰੋਕ ਨਾ ਹੋਵੇ, ਨਹੀਂ ਤਾਂ ਕੇਂਦਰ ਨਾਲ ਕੋਈ ਗੱਲ ਨਹੀਂ ਹੋਵੇਗੀ। ਬੇਸ਼ਕ ਇਥੇ ਅਸੀਂ ਕੋਰੋਨਾ ਨਾਲ ਮਰ ਜਾਈਏ ਪਰ ਅਸੀਂ ਵਾਪਿਸ ਨਹੀਂ ਜਾਵਾਂਗੇ।


Deepak Kumar

Content Editor

Related News