11,500 ਕਰੋੜ ਦੇ ਘਪਲੇ ਕਾਰਨ ਕੀਤਾ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

Sunday, Feb 18, 2018 - 04:17 AM (IST)

11,500 ਕਰੋੜ ਦੇ ਘਪਲੇ ਕਾਰਨ ਕੀਤਾ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਲੇਬਰ ਪਾਰਟੀ ਭਾਰਤ ਤੇ ਭਾਰਤ ਜਗਾਓ ਅੰਦੋਲਨ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਨੀਰਵ ਮੋਦੀ ਵੱਲੋਂ 11,500 ਕਰੋੜ ਰੁਪਏ ਦੇ ਹੋਏ ਘਪਲੇ ਤੇ ਦੇਸ਼ ਵਿਚ ਹੋ ਰਹੇ ਹੋਰਨਾਂ ਘਪਲਿਆਂ ਦੇ ਦੋਸ਼ੀਆਂ ਨੂੰ ਵਿਦੇਸ਼ ਭਜਾਉਣ ਦੇ ਵਿਰੋਧ 'ਚ ਰੋਸ ਵਜੋਂ ਕੇਂਦਰ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਜਸਵੀਰ ਸਿੰਘ ਦੀ ਅਗਵਾਈ 'ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਾਅਰਾ 'ਸਭ ਦਾ ਸਾਥ' ਮੋਦੀ ਸਰਕਾਰ ਦਾ ਲਾਮਿਸਾਲ ਭ੍ਰਿਸ਼ਟਾਚਾਰ ਬਣ ਕੇ ਰਹਿ ਗਿਆ ਹੈ। 
ਧੀਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕੇਂਦਰ ਸਰਕਾਰ ਵੱਲੋਂ ਕੈਗ, ਸੀ. ਬੀ. ਆਈ. ਤੇ ਹੋਰ ਏਜੰਸੀਆਂ ਨੂੰ ਦਿੱਤੀ ਆਜ਼ਾਦੀ ਨੂੰ ਕੁਚਲਣ ਕਾਰਨ ਮਜ਼ਬੂਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਿੱਥੋਂ ਦੀ ਨੀਤੀ ਹੈ ਕਿ ਪਹਿਲਾਂ ਭ੍ਰਿਸ਼ਟਾਚਾਰ ਕਰਵਾ ਲਵੋ, ਫਿਰ ਭ੍ਰਿਸ਼ਟਾਚਾਰੀਆਂ ਨੂੰ ਲੱਭਣ ਲਈ ਕਰੋੜਾਂ ਰੁਪਏ ਖਰਚ ਕਰੋ ਤੇ ਦੇਸ਼ ਦੀ ਬਦਨਾਮੀ ਕਰਵਾਓ। ਉਨ੍ਹਾਂ ਕਿਹਾ ਕਿ ਸਧਾਰਨ ਵਿਅਕਤੀ ਨੇ ਬੈਂਕ ਵਿਚੋਂ ਲੋਨ ਲੈਣਾ ਹੋਵੇ ਤਾਂ ਬੈਂਕ ਵਾਲੇ 50 ਬਹਾਨੇ ਬਣਾ ਕੇ ਲੋਕਾਂ ਦੇ ਚੱਕਰ ਕਟਵਾਉਂਦੇ ਹਨ ਤੇ ਅਮੀਰ ਲੋਕਾਂ ਨੂੰ ਆਮ ਆਦਮੀ ਤੋਂ ਕਰਜ਼ਾ ਵੀ ਸਸਤਾ ਦਿੱਤਾ ਜਾਂਦਾ ਹੈ ਅਤੇ ਬੈਂਕਾਂ ਵਾਲੇ ਉਨ੍ਹਾਂ ਦੇ ਘਰਾਂ ਤੱਕ ਪੈਸੇ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਈਮਾਨਦਾਰੀ ਦੀ ਝਲਕ ਪੈਦਾ ਕਰਨ ਵਾਲਿਆਂ ਨੂੰ ਮੋਦੀ ਸਰਕਾਰ ਨੇ ਦਰਕਿਨਾਰ ਕਰਕੇ ਰੱਖਿਆ ਹੋਇਆ ਹੈ। ਲੇਬਰ ਪਾਰਟੀ ਨੇ ਮੰਗ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਰੰਤ ਆਪਣੀ ਨੈਤਿਕਤਾ ਦੇ ਅਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਦਲਵੀਰ ਸਿੰਘ ਕੰਦੌਲਾ, ਰਾਜ ਰਾਣੀ, ਜਸਵਿੰਦਰ ਸਿੰਘ ਬੰਬੇਲੀ, ਡਾ. ਦਲਵੀਰ ਸਿੰਘ, ਸੁਸ਼ੀਲ ਕੁਮਾਰ ਸ਼ਰਮਾ, ਰਤਨ ਸਿੰਘ, ਗੁਰਮੇਲ ਸਿੰਘ, ਰਾਮ ਚੰਦਰ, ਅੰਮ੍ਰਿਤਪਾਲ, ਗੁਰਮਿੰਦਰ ਸਿੰਘ, ਗੁਰਮਿੰਦਰਪਾਲ ਧੀਮਾਨ ਆਦਿ ਵੀ ਮੌਜੂਦ ਸਨ।


Related News