ਕੇਂਦਰ DAP ਤੇ NPK ਖਾਦਾਂ ਦੀਆਂ ਕੀਮਤਾਂ ’ਚ ਕੀਤਾ ਵਾਧਾ ਤੁਰੰਤ ਲਵੇ ਵਾਪਸ : ਅਕਾਲੀ ਦਲ

Monday, Apr 25, 2022 - 06:32 PM (IST)

ਕੇਂਦਰ DAP ਤੇ NPK ਖਾਦਾਂ ਦੀਆਂ ਕੀਮਤਾਂ ’ਚ ਕੀਤਾ ਵਾਧਾ ਤੁਰੰਤ ਲਵੇ ਵਾਪਸ : ਅਕਾਲੀ ਦਲ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕੇਂਦਰ ਸਰਕਾਰ ਡਾਇਮੋਨੀਅਮ ਫੋਸਫੇਟ ਯਾਨੀ ਡੀ. ਏ. ਪੀ. ਖਾਦ ਅਤੇ ਐੱਨ. ਪੀ. ਕੇ. ਦੀ ਕੀਮਤ ’ਚ ਕੀਤਾ ਗਿਆ 150 ਰੁਪਏ ਪ੍ਰਤੀ ਥੈਲਾ ਡੀ. ਏ. ਪੀ. ਤੇ 100 ਰੁਪਏ ਪ੍ਰਤੀ ਥੈਲਾ ਐੱਨ. ਪੀ. ਕੇ. ਦਾ ਵਾਧਾ ਤੁਰੰਤ ਵਾਪਸ ਲਵੇ ਕਿਉਂਕਿ ਇਹ ਕਿਸਾਨਾਂ ਦਾ ਲੱਕ ਤੋੜ ਦੇਵੇਗਾ ਤੇ ਉਨ੍ਹਾਂ ਨੂੰ ਪਹਿਲਾਂ ਤੋਂ ਚੜ੍ਹੇ ਭਾਰੀ ਕਰਜ਼ੇ ਦੇ ਜਾਲ ’ਚ ਹੋਰ ਉਲਝਾ ਦੇਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਖੇਤੀਬਾੜੀ ਪਹਿਲਾਂ ਹੀ ਗੈਰ-ਲਾਹੇਵੰਦ ਹੋ ਗਈ ਹੈ। ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਸੂਬੇ ਦੇ ਕਿਸਾਨਾਂ ’ਤੇ ਹੋਰ ਜ਼ਿਆਦਾ ਭਾਰ ਪੈ ਜਾਵੇਗਾ, ਜਦਕਿ ਇਹ ਕਿਸਾਨ ਪਹਿਲਾਂ ਹੀ ਡੀਜ਼ਲ ਦੀ ਕੀਮਤ ’ਚ ਵਾਧੇ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੀਮਤਾਂ ਵਿਚ ਵਾਧਾ ਵਾਪਸ ਨਾ ਲਿਆ ਗਿਆ ਤਾਂ ਇਹ ਖੇਤੀਬਾੜੀ ਅਰਥਚਾਰੇ ਨੂੰ ਡੂੰਘੀ ਸੱਟ ਮਾਰੇਗਾ ਤੇ ਇਸ ਨਾਲ ਖੇਤੀਬਾੜੀ ਤਬਾਹ ਹੋ ਜਾਵੇਗੀ। ਮਲੂਕਾ ਨੇ ਮੰਗ ਕੀਤੀ ਕਿ ਸਰਕਾਰ ਆਪਣੀ ਕੰਪਨੀ ਇਫਕੋ ਨੂੰ ਡੀ. ਏ. ਪੀ. ਤੇ ਐੱਨ. ਪੀ. ਕੇ. ਖਾਦਾਂ ਦੀਆ ਕੀਮਤਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣ ਦੀ ਹਦਾਇਤ ਕਰੇ।

ਇਹ ਵੀ ਪੜ੍ਹੋ : ਅਮਰੀਕਾ ਸਥਿਤ ਰਾਸ਼ਟਰ ਵਿਰੋਧੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨਾਲ ਆਪਣੇ ਸਬੰਧਾਂ ਨੂੰ ਸਪੱਸ਼ਟ ਕਰੇ ‘ਆਪ’ : ਚੁੱਘ

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਨਾ ਸਿਰਫ ਕਣਕ, ਝੋਨੇ ਤੇ ਮੱਕੀ ਕਿਸਾਨਾਂ ਦੀ ਆਮਦਨ ਘਟ ਜਾਵੇਗੀ ਬਲਕਿ ਇਸ ਨਾਲ ਆਲੂ ਤੇ ਗੰਨਾ ਉਤਪਾਦਕਾਂ ਨੂੰ ਵੀ ਵੱਡੀ ਮਾਰ ਪਵੇਗੀ ਕਿਉਂਕਿ ਉਹ ਡੀ. ਏ. ਪੀ. ਦੀ ਵੱਧ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਆਲੂ ਉਤਪਾਦਕ ਪ੍ਰਤੀ ਏਕੜ 4 ਥੈਲੇ ਡੀ. ਏ. ਪੀ. ਅਤੇ ਗੰਨਾ ਉਤਪਾਦਕ ਤਿੰਨ ਥੈਲੇ ਪ੍ਰਤੀ ਏਕੜ ਡੀ. ਏ. ਪੀ. ਦੀ ਵਰਤੋਂ ਕਰਦੇ ਹਨ। ਮਲੂਕਾ ਨੇ ਪੰਜਾਬ ’ਚ ਖੇਤੀਬਾੜੀ ਨੂੰ ਦਰਪੇਸ਼ ਮੌਜੂਦਾ ਸੰਕਟ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਐਤਕੀਂ ਕਣਕ ਦਾ ਝਾੜ ਘਟਣ ਨਾਲ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਦੇਭਾਗਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਕੇਂਦਰ ਤੋਂ ਕੇਂਦਰੀ ਡਿਜ਼ਾਸਟਰ ਮੈਨੇਜਮੈਂਟ ਫੰਡ ਤਹਿਤ ਕਿਸਾਨਾਂ ਲਈ ਰਾਹਤ ਹਾਸਲ ਕਰਨ ਵਾਸਤੇ ਪਹੁੰਚ ਕਰਨ ਦੀ ਲੋੜ ਵੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਇਸ ਕਰ ਕੇ ਜ਼ਿਆਦਾ ਹੋਇਆ ਕਿਉਂਕਿ ਫਰਵਰੀ ਵਿਚ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਮਾਰਚ ’ਚ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਰਾਹਤ ਦੀ ਕੋਈ ਆਸ ਨਹੀਂ ਦਿਸ ਰਹੀ, ਜਿਸ ਕਾਰਨ ਪਿਛਲੇ ਇਕ ਮਹੀਨੇ ’ਚ ਹੀ 14 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਤੇ ਜੇਕਰ ਮਾਮਲਾ ਤੁਰੰਤ ਨਾ ਨਜਿੱਠਿਆ ਗਿਆ ਤਾਂ ਹਾਲਾਤ ਹੋਰ ਮਾੜੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਲੰਡਨ ’ਚ ਵਾਪਰੀ ਦਿਲ ਵਲੂੰਧਰਣ ਵਾਲੀ ਘਟਨਾ, 4 ਲੋਕਾਂ ਦਾ ਚਾਕੂ ਮਾਰ ਕੇ ਕਤਲ

ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਨੂੰ ਪੁਰਾਣੇ ਰੇਟ ’ਤੇ ਡੀ. ਏ. ਪੀ. ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੂੰ ਅੰਨਦਾਤਾ ਪ੍ਰਤੀ ਆਪਣਾ ਫਰਜ਼ ਸਮਝਦਿਆਂ ਡੀਜ਼ਲ ’ਤੇ ਸੂਬੇ ਦੇ ਵੈਟ ਵਿਚ 50 ਫੀਸਦੀ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਨੂੰ ਕਣਕ ਦਾ ਝਾੜ ਘੱਟ ਨਿਕਲਣ ’ਤੇ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣਾ ਚਾਹੀਦਾ ਹੈ। ਮਲੂਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬੇ ਦੇ ਸਹਿਕਾਰੀ ਤੇ ਲੈਂਡ ਮਾਰਟਗੇਜ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜ਼ੇ ਦੇਣ ’ਚ ਅਸਮਰਥ ਹੋਣ ਦਾ ਮਾਮਲਾ ਵੀ ਕੇਂਦਰ ਕੋਲ ਚੁੱਕਣ। ਉਨ੍ਹਾਂ ਕਿਹਾ ਕਿ ਨਬਾਰਡ ਇਨ੍ਹਾਂ ਬੈਂਕਾਂ ਨੂੰ ਫੰਡ ਜਾਰੀ ਨਹੀਂ ਕਰ ਰਿਹਾ, ਜਿਸ ਕਾਰਨ ਬੈਂਕਾਂ ਨੂੰ ਮੁਸ਼ਕਿਲ ਆ ਰਹੀ ਹੈ।

ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ


author

Manoj

Content Editor

Related News