ਕੇਂਦਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ! 1,419 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ

Sunday, Aug 16, 2026 - 08:04 PM (IST)

ਕੇਂਦਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ! 1,419 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ

ਚੰਡੀਗੜ੍ਹ (ਅੰਕੁਰ): ਸਾਬਕਾ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਲਈ 1,419 ਕਰੋੜ ਰੁਪਏ ਦੇ ਇੱਕ ਵੱਡੇ ਰੇਲਵੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਬਿੱਟੂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸਰਹੱਦੀ ਖੇਤਰਾਂ ਨੂੰ ਰੇਲਵੇ ਨੈੱਟਵਰਕ ਨਾਲ ਸਿੱਧਾ ਜੋੜਨ ਵਿੱਚ ਵੱਡੀ ਮਦਦ ਮਿਲੇਗੀ।

ਬਿੱਟੂ ਮੁਤਾਬਕ ਬਿਆਸ ਤੋਂ ਕਾਦੀਆਂ ਅਤੇ ਅੱਗੇ ਬਟਾਲਾ-ਕਾਦੀਆਂ ਲਾਈਨ ਨੂੰ ਜੋੜਨ ਸਮੇਤ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਲਈ ਇਹ ਮਹੱਤਵਪੂਰਨ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿਆਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਆਉਣ ਵਾਲੀਆਂ ਲਾਈਨਾਂ ਨੂੰ ਪਠਾਨਕੋਟ ਵੱਲੋਂ ਆਉਣ ਵਾਲੇ ਰੂਟ ਨਾਲ ਜੋੜਿਆ ਜਾ ਸਕੇਗਾ ਅਤੇ ਸਰਹੱਦੀ ਖੇਤਰਾਂ ਲਈ ਸਿੱਧਾ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਲਈ ਲਗਭਗ 166 ਏਕੜ ਜ਼ਮੀਨ ਦੀ ਲੋੜ ਹੋਵੇਗੀ। ਜ਼ਮੀਨ ਹਾਸਲ ਕਰਨ, ਸਿਵਲ ਵਰਕ, ਸਿਗਨਲਿੰਗ, ਵਾਇਰਿੰਗ ਅਤੇ ਇਲੈਕਟ੍ਰਿਕਲ ਕੰਮ ਸਮੇਤ ਵੱਖ-ਵੱਖ ਕੰਮਾਂ ਲਈ ਵੱਡੀ ਰਕਮ ਖਰਚ ਕੀਤੀ ਜਾਵੇਗੀ। ਬਿੱਟੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 1,419 ਕਰੋੜ ਰੁਪਏ ਹੈ।

ਬਿੱਟੂ ਨੇ ਦੋਸ਼ ਲਗਾਇਆ ਕਿ ਇਹ ਪ੍ਰਾਜੈਕਟ ਪਹਿਲਾਂ ਵੀ ਸਰਕਾਰਾਂ ਦੀ ਅਣਗਹਿਲੀ ਕਾਰਨ ਲਟਕਦਾ ਰਿਹਾ ਹੈ। ਜੇਕਰ ਇਸ ਨੂੰ ਸਮੇਂ ਸਿਰ ਅਮਲ ਵਿਚ ਲਿਆਂਦਾ ਜਾਂਦਾ ਤਾਂ ਇਸ ਦੀ ਲਾਗਤ ਕਾਫ਼ੀ ਘੱਟ ਹੁੰਦੀ, ਪਰ ਦੇਰੀ ਕਾਰਨ ਅੱਜ ਪ੍ਰਾਜੈਕਟ ਦੀ ਲਾਗਤ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਾਜੈਕਟ ਪਹਿਲੀ ਵਾਰ ਤਿਆਰ ਕੀਤਾ ਗਿਆ ਸੀ ਤਾਂ ਲਾਗਤ ਕਰੀਬ 500 ਕਰੋੜ ਰੁਪਏ ਸੀ, ਜਦਕਿ ਬਾਅਦ ਵਿਚ ਇਹ 841 ਕਰੋੜ ਰੁਪਏ ਤੱਕ ਪਹੁੰਚ ਗਈ ਅਤੇ ਹੁਣ 1,419 ਕਰੋੜ ਰੁਪਏ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਬਿੱਟੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਨਜ਼ੂਰਸ਼ੁਦਾ ਪ੍ਰਾਜੈਕਟਾਂ ਵਿਚ ਬੇਲੋੜੀ ਦੇਰੀ ਹੁੰਦੀ ਰਹੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਮਾਮਲਿਆਂ ਨੂੰ ਜ਼ਮੀਨੀ ਪੱਧਰ ’ਤੇ ਉਠਾਉਣਗੇ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਨਗੇ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਲਈ ਮਨਜ਼ੂਰ ਹੋਏ ਰੇਲਵੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਵਾਉਣ ਲਈ ਇਕਜੁੱਟ ਹੋਣ।


author

Anmol Tagra

Content Editor

Related News