ਜੇਬ 'ਚ ਫਟਿਆ ਮੋਬਾਇਲ, ਅਦਾਲਤੀ ਕੰਪਲੈਕਸ 'ਚ ਟਲਿਆ ਵੱਡਾ ਹਾਦਸਾ (ਵੀਡੀਓ)

08/11/2022 2:33:13 AM

ਖੰਨਾ (ਬਿਪਨ) : ਖੰਨਾ ਦੇ ਅਦਾਲਤੀ ਕੰਪਲੈਕਸ 'ਚ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਵਕੀਲ ਦੇ ਕਲਰਕ ਦੀ ਜੇਬ ਵਿੱਚ ਪਏ ਮੋਬਾਇਲ ਨੂੰ ਅੱਗ ਲੱਗ ਗਈ। ਬਚਾਅ ਰਿਹਾ ਕਿ ਇਹ ਕਲਰਕ ਸਿਰਫ਼ 2 ਮਿੰਟ ਪਹਿਲਾਂ ਹੀ ਅਦਾਲਤ ਤੋਂ ਆਪਣੇ ਕੈਬਿਨ ਵਿੱਚ ਪਹੁੰਚਿਆ ਸੀ। ਜਦੋਂ ਮੋਬਾਇਲ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਵਕੀਲ ਦੇ ਕਲਰਕ ਨੇ ਤੁਰੰਤ ਜੇਬ 'ਚੋਂ ਮੋਬਾਇਲ ਕੱਢ ਕੇ ਬਾਹਰ ਸੁੱਟ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਤਰਲੋਚਨ ਸਿੰਘ ਧਾਰੀਵਾਲ ਦੇ ਕਲਰਕ ਜਸਵੰਤ ਸਿੰਘ ਵਾਸੀ ਰਸੂਲੜਾ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਇਹ ਐਂਡਰਾਇਡ ਫੋਨ 2019 ਵਿੱਚ ਖਰੀਦਿਆ ਸੀ, ਜਿਸ ਨੂੰ ਉਹ ਵਰਤ ਰਿਹਾ ਸੀ। ਉਹ ਅਦਾਲਤ 'ਚੋਂ ਆ ਕੇ ਆਪਣੇ ਕੈਬਿਨ 'ਚ ਬੈਠਾ ਹੀ ਸੀ ਕਿ ਜੇਬ ਵਿੱਚ ਪਿਆ ਮੋਬਾਇਲ ਇੰਨਾ ਗਰਮ ਹੋਣ ਲੱਗਾ, ਜਿਵੇਂ ਕਿਸੇ ਨੇ ਜੇਬ 'ਚ ਬਲਦਾ ਕੋਲਾ ਪਾ ਦਿੱਤਾ ਹੋਵੇ।

ਇਹ ਵੀ ਪੜ੍ਹੋ : ਇਕ ਹੋਰ ਅਖੌਤੀ ‘ਬਾਬਾ’ ਫਸਿਆ ਜਬਰ-ਜ਼ਿਨਾਹ ਦੇ ਦੋਸ਼ ’ਚ

ਜਦੋਂ ਉਸ ਨੇ ਮੋਬਾਇਲ ਨੂੰ ਛੂਹਿਆ ਤਾਂ ਉਹ ਪੂਰੀ ਤਰ੍ਹਾਂ ਗਰਮ ਸੀ, ਬਾਹਰ ਕੱਢਿਆ ਤਾਂ ਉਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਉਸ ਨੇ ਤੁਰੰਤ ਮੋਬਾਇਲ ਨੂੰ ਕੈਬਿਨ ਦੇ ਬਾਹਰ ਸੁੱਟ ਦਿੱਤਾ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਸੁਚੇਤ ਕੀਤਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ। ਮੋਬਾਇਲ 'ਚ 25 ਤੋਂ 30 ਮਿੰਟ ਤੱਕ ਅੱਗ ਬਲਦੀ ਰਹੀ। ਜੇਕਰ ਅਦਾਲਤ ਦੇ ਅੰਦਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਜੇਬ 'ਚ ਪਿਆ ਮੋਬਾਇਲ ਫਟਣ ਨਾਲ ਉਸ ਦਾ ਵੀ ਨੁਕਸਾਨ ਹੋ ਸਕਦਾ ਸੀ। ਜਸਵੰਤ ਸਿੰਘ ਨੇ ਅੱਗੇ ਦੱਸਿਆ ਕਿ ਮੋਬਾਇਲ ਦੀ ਬੈਟਰੀ 90 ਫ਼ੀਸਦੀ ਦੇ ਕਰੀਬ ਸੀ। ਉਸ ਨੇ ਮੋਬਾਇਲ ਓਵਰਚਾਰਜ ਵੀ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਮੋਬਾਇਲ ਕੰਪਨੀਆਂ ਨੂੰ ਸੁਰੱਖਿਆ ਨਿਯਮਾਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News