ਕਾਂਗਰਸ ਦੀ ਜਿੱਤ ਦਾ ਜਸ਼ਨ : ਸਿੱਧੂ ਨੇ ਢੋਲ ਬਜਾਇਆ, ਜਾਖੜ ਨੇ ਪਾਇਆ ਭੰਗੜਾ

10/16/2017 9:37:11 AM

ਗੁਰਦਾਸਪੁਰ (ਦੀਪਕ, ਵਿਨੋਦ) — ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਢੋਲ ਬਜਾਇਆ ਤੇ ਸੁਨੀਲ ਜਾਖੜ ਨੇ ਭੰਗੜਾ ਪਾ ਕੇ ਆਪਣੀ ਜਿੱਤ ਦੀ ਖੁਸ਼ੀ ਮਨਾਈ।
ਜਿਵੇਂ ਹੀ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਦਾ ਐਲਾਨ ਕੀਤਾ ਗਿਆ ਤਾਂ ਕਾਂਗਰਸ ਵਰਕਰਾਂ ਵਲੋਂ ਲਿਆਂਦੇ ਗਏ ਢੋਲ ਨੂੰ ਨਵਜੋਤ ਸਿੱਧੂ ਨੇ ਗਲੇ 'ਚ ਪਾ ਕੇ ਜੰਮ ਕੇ ਬਜਾਇਆ। ਨਵਜੋਤ ਸਿੱਧੂ ਦੇ ਢੋਲ ਦੀ ਤਾਲ 'ਤੇ ਸੁਨੀਲ ਜਾਖੜ ਨੇ ਆਪਣੇ ਵਰਕਰਾਂ ਤੇ ਕੁਝ ਵਿਧਾਇਕਾਂ ਦੇ ਨਾਲ ਭੰਗੜਾ ਪਾਇਆ।
7,587 ਲੋਕਾਂ ਨੇ ਨੋਟਾ ਬਟਨ ਦਾ ਇਸਤੇਮਾਲ ਕੀਤਾ
ਲੋਕ ਸਭਾ ਚੋਣਾਂ 'ਚ 7,587 ਲੋਕਾਂ ਨੇ ਨੋਟਾ ਬਟਨ ਦਾ ਇਸਤੇਮਾਲ ਕਰਕੇ ਇਹ ਸਪੱਸ਼ਟ ਕੀਤਾ ਉਨ੍ਹਾਂ ਨੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਸਵੀਕਾਰ ਨਹੀਂ ਕੀਤਾ ਹੈ ਤੇ ਉਹ ਕਿਸੇ ਨੂੰ ਵੋਟ ਪਾਉਣਾ ਪਸੰਦ ਨਹੀਂ ਕਰਦੇ।
ਕਾਂਗਰਸ ਦੀ ਜਿੱਤ ਦੇ ਮੁੱਖ ਕਾਰਨ
ਕਾਂਗਰਸ ਨੇ ਆਪਣਾ ਚੋਣ ਪ੍ਰਚਾਰ ਬਹੁਤ ਹੀ ਯੋਜਨਾਬੱਧ ਢੰਗ ਨਾਲ ਚਲਾਇਆ
ਭਾਜਪਾ ਨੇ ਚੋਣ ਪ੍ਰਚਾਰ 'ਚ ਹਰ ਢੰਗ ਨਾਲ ਅਪਣਾਇਆ ਜੋ ਚੋਣ ਜਿੱਤਣ ਲਈ ਜ਼ਰੂਰੀ ਹੁੰਦਾ ਹੈ।
ਅਕਾਲੀ-ਭਾਜਪਾ ਆਗੂ ਕਾਂਗਰਸ ਵਲੋਂ ਲਗਾਈ ਸਵਾਲਾਂ ਦੀ ਝੜੀ ਨੂੰ ਹੀ ਹੱਲ ਕਰਨ 'ਚ ਉਲਝੇ ਰਹੇ।
ਕੈਪਟਨ ਵਲੋਂ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜਿਸ ਹਲਕੇ ਤੋਂ ਕਾਂਗਰਸ ਹਾਰੀ, ਉਸ ਵਿਧਾਇਕ ਦਾ ਆਗਾਮੀ ਚੋਣਾਂ 'ਚ ਟਿਕਟ ਕੱਟੇਗਾ
ਵਿਧਾਇਕਾਂ ਨੇ ਇਹ ਚੋਣ ਵਿਧਾਨ ਸਭਾ ਚੋਣ ਦੀ ਤਰ੍ਹਾਂ ਲੜੀ ਤੇ ਆਪਣੇ-ਆਪਣੇ ਹਲਕਿਆਂ 'ਚ ਪੂਰਾ ਫੋਕਸ ਰੱਖਿਆ।

ਭਾਜਪਾ ਦੀ ਹਾਰ ਦੇ ਮੁੱਖ ਕਾਰਨ
ਭਾਜਪਾ ਆਪਣਾ ਚੋਣ ਪ੍ਰਚਾਰ ਸਹੀ ਢੰਗ ਨਾਲ ਨਹੀਂ ਚਲਾ ਪਾਈ।
ਭਾਜਪਾ ਦੀ ਕੇਂਦਰੀ ਲੀਡਰਸ਼ੀਪ ਨੇ ਆਪਣੇ ਆਪ ਨੂੰ ਚੋਣ ਤੋਂ ਦੂਰ ਰੱਖਿਆ ਤੇ ਅਕਾਲੀ ਦਲ ਦੇ ਆਗੂਆਂ ਦੇ ਦਮ 'ਤੇ ਚੋਣ ਲੜਿਆ।
ਭਾਜਪਾ ਆਪਣੇ ਵਰਕਰਾਂ ਤਕ ਪਹੁੰਚ ਹੀ ਨਹੀਂ ਸਕੀ।
ਭਾਜਪਾ ਗੁਟਬੰਦੀ ਦਾ ਸ਼ਿਕਾਰ ਰਹੀ ਤੇ ਕੰਮ ਕਰਨ ਵਾਲਾ ਵਰਕਰ ਘਰ 'ਚ ਬੈਠਾ ਰਿਹਾ।
ਭਾਜਪਾ ਨਾਲ ਸੰਬਧਿਤ ਜ਼ਿਆਦਾਤਰ ਪਰਿਵਾਰ ਵੋਟ ਪਾਉਣ ਹੀ ਨਹੀਂ ਗਏ।
ਸੁੱਚਾ ਸਿੰਘ ਲੰਗਾਹ ਦੀ ਸੀ. ਡੀ. ਤੇ ਸਵਰਨ ਸਲਾਰੀਆ ਦੀ ਇਤਰਾਜ਼ਯੋਗ ਫੋਟੋ ਵੀ ਭਾਜਪਾ ਦੀ ਹਾਰ ਦਾ ਕਾਰਨ ਬਣੀ।

ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਦਾ ਕਾਰਨ ਲੋਕ ਕੀ ਦੱਸਦੇ ਹਨ
ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ ਚੋਣ 'ਚ ਬਹੁਤ ਹੀ ਵਧੀਆ ਉਮੀਦਵਾਰ ਸੇਵਾ-ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਇਸ ਲੋਕ ਸਭਾ ਹਲਕੇ 'ਚ ਲਗਭਗ 1 ਲੱਖ 50 ਹਜ਼ਾਰ ਸਾਬਕਾ ਸੈਨਿਕ ਰਹਿੰਦੇ ਹਨ। ਇਸ ਚੋਣ 'ਚ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਆਗੂ ਚੋਣ ਪ੍ਰਚਾਰ ਦੇ ਲਈ ਨਹੀਂ ਆਇਆ। ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਇਸ ਚੋਣ 'ਚ ਆਪਣੇ ਉਮੀਦਵਾਰ ਲਈ ਕੋਈ ਅਪੀਲ ਤਕ ਨਹੀਂ ਕੀਤੀ। ਸਿਰਫ ਸੁਖਪਾਲ ਖਹਿਰਾ ਤੇ ਭਗਵੰਤ ਮਾਨ ਦੇ ਦਮ 'ਤੇ ਚੋਣਾਂ ਲੜੀਆਂ ਗਈਆਂ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੁਣ ਪੂਰੀ ਤਰ੍ਹਾਂ ਨਾਲ ਇਸ ਹਲਕੇ 'ਚ ਨਕਾਰ ਦਿੱਤਾ ਹੈ। 


Related News