ਵਿਜੀਲੈਂਸ ਦੀ ਵੱਡੀ ਕਾਰਵਾਈ : ਸੀ.ਡੀ.ਪੀ.ਓ. ਤੇ ਉਸ ਦਾ ਚਪੜਾਸੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
Thursday, Apr 20, 2023 - 07:44 PM (IST)
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੀਰਵਾਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ) ਅੰਜੂ ਭੰਡਾਰੀ ਅਤੇ ਉਸਦੇ ਚਪੜਾਸੀ ਬਲੀਹਾਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਹਾਸਲ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਅਹਿਮ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ
ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸੀ.ਡੀ.ਪੀ.ਓ ਅਤੇ ਉਸਦੇ ਚਪੜਾਸੀ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਿਉਣਾ ਨੀਵਾਂ ਦੀ ਰਹਿਣ ਵਾਲੀ ਮਮਤਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਦੋਵੇਂ ਕਰਮਚਾਰੀਆਂ ਨੇ ਆਂਗਨਵਾੜੀ ਹੈਲਪਰ ਦੇ ਖਾਲੀ ਅਹੁਦੇ 'ਤੇ ਉਸਨੂੰ ਨੌਕਰੀ 'ਤੇ ਰੱਖਣ ਬਦਲੇ 35,000 ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਹੈ ਜਿਸ ਲਈ ਉਹ ਪਹਿਲਾਂ ਹੀ ਅਰਜ਼ੀ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਜਾਲ ਵਿਛਾ ਕੇ ਦੋਹਾਂ ਦੋਸ਼ੀ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ 20,000 ਰੁਪਏ ਲੈਂਦਿਆਂ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਸ ਥਾਣਾ ਪਟਿਆਲਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।