ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ
Thursday, May 11, 2023 - 05:44 PM (IST)
ਮੱਲ੍ਹੀਆਂ ਕਲਾਂ (ਟੁੱਟ)- ਨਕੋਦਰ ਤੋਂ ਕਪੂਰਥਲਾ ਮੁੱਖ ਮਾਰਗ ’ਤੇ ਅੱਡਾ ਜਹਾਂਗੀਰ ਕੋਲ ਬੀਤੀ ਰਾਤ ਖੰਨਾ ਮੰਡੀ ਤੋਂ ਪਸ਼ੂ ਵੇਚ ਕੇ ਮੋਟਰਸਾਈਕਲ ’ਤੇ ਆ ਰਹੇ ਇਕ ਵਪਾਰੀ ਨੂੰ 2 ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰਿਆਂ ਨੇ ਘੇਰ ਕੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਪਰਸ ’ਚੋਂ 15 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਉਕਤ ਵਿਅਕਤੀ ਉੱਪਰ ਕੀਤੇ ਗਏ ਕਾਤਲਾਨਾ ਹਮਲੇ ’ਚ ਉਕਤ ਵਿਅਕਤੀ ਦੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਮ੍ਰਿਤਕ ਵਿਅਕਤੀ ਦੇ ਪੁੱਤਰ ਬਲਜੀਤ ਉਰਫ਼ ਲਾਡੀ ਵਾਸੀ ਮੀਰਪੁਰ ਮਾੜੀ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰ ਪਾਲ ਪੁੱਤਰ ਆਤਮਾ ਰਾਮ (56) ਦਾਤਰਾਂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮਾਂ ਨੂੰ ਨਾ ਸਹਾਰਦੇ ਹੋਏ ਉਸ ਦੇ ਪਿਤਾ ਦੀ ਮੌਤ ਹੋ ਗਈ ਪਰ ਉਸ ਦਾ ਪਲਟੀਨਾ ਮੋਟਰਸਾਈਕਲ ਉੱਥੇ ਹੀ ਡਿੱਗਿਆ ਪਿਆ ਸੀ, ਜਿਸ ਨੂੰ ਝਰੀਟ ਤੱਕ ਨਹੀਂ ਆਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ 50-60 ਹਜ਼ਾਰ ਦੇ ਕਰੀਬ ਸਾਫੇ ਨਾਲ ਬੰਨ੍ਹ ਕੇ ਲੱਕ ਨਾਲ ਬੰਨ੍ਹਿਆ ਹੋਇਆ ਸੀ। ਉਸ ਦਾ ਲੁਟੇਰਿਆਂ ਨੂੰ ਪਤਾ ਨਹੀਂ ਲੱਗਿਆ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ। ਪੀੜਤ ਪਰਿਵਾਰ ਵੱਲੋਂ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀ ਅੱਤਵਾਦੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI
ਪਰਿਵਾਰ ਨੇ ਮਾਰੇ ਗਏ ਵਿਅਕਤੀ ਦਾ ਸੰਸਕਾਰ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ ਲੁਟੇਰਿਆਂ ਨੂੰ ਫੜ ਕੇ ਸਲਾਖਾਂ ਪਿਛੇ ਡੱਕਿਆ ਜਾਵੇ ਤਾਂ ਕਿ ਉਹ ਕਿਸੇ ਹੋਰ ਦਾ ਘਰ ਉਜਾੜ ਨਾ ਸਕਣ। ਵਰਨਣਯੋਗ ਹੈ ਕਿ ਇਲਾਕੇ ਅੰਦਰ ਪਿਛਲੇ 15-20 ਦਿਨਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਅਥਾਹ ਵਾਧਾ ਹੋ ਰਿਹਾ ਹੈ ਪਰ ਪੁਲਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ। ਪੁਲਸ ਵੱਲੋਂ ਨਾ ਕੋਈ ਨਾਕਾ ਅਤੇ ਨਾ ਕੋਈ ਗਸ਼ਤ ਇਲਾਕੇ ਅੰਦਰ ਕੀਤੀ ਜਾ ਰਹੀ ਹੈ, ਜਿਸ ਕਾਰਨ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋਏ ਹਨ ਤੇ ਉਹ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : 54 ਫ਼ੀਸਦੀ ਹੋਈ ਵੋਟਿੰਗ, 13 ਤਾਰੀਖ਼ ਨੂੰ ਆਵੇਗਾ ਵੋਟਰਾਂ ਦਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ