ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦਾ ਮਾਮਲਾ, ਸ਼ੱਕ ਦੇ ਘੇਰੇ ’ਚ ਆਏ ਕਈ ਹੋਰ ਪੁਲਸ ਮੁਲਾਜ਼ਮ

10/07/2022 8:46:37 PM

ਮਾਨਸਾ (ਸੰਦੀਪ ਮਿੱਤਲ)-ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਮਿਲ ਸ਼ੂਟਰ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀ. ਆਈ. ਏ. ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦਾ 4 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਪੁਲਸ ਨੂੰ ਉਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਪਰ ਪੁਲਸ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ ਪ੍ਰਿਤਪਾਲ ਕੋਲੋਂ ਸਿੱਟ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਗੈਂਗਸਟਰ ਦੀਪਕ ਟੀਨੂੰ ਨੂੰ ਇਕੱਲਾ ਹੀ ਆਪਣੀ ਪ੍ਰਾਈਵੇਟ ਕਾਰ ਵਿਚ ਬਿਠਾ ਕੇ ਆਪਣੀ ਸਰਕਾਰੀ ਰਿਹਾਇਸ਼ ’ਚ ਲੈ ਕੇ ਗਿਆ ਸੀ, ਜਿਥੋਂ ਉਹ ਭੱਜਣ ’ਚ ਸਫਲ ਹੋ ਗਿਆ।

 ਇਹ ਖ਼ਬਰ ਵੀ ਪੜ੍ਹੋ : SJF ਦਾ ਗੁਰਪਤਵੰਤ ਪੰਨੂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਹੁਣ ਕੈਨੇਡਾ ਦੇ ਮਿਸੀਸਾਗਾ ’ਚ ਕਰ ਰਿਹੈ ਰੈਫਰੈਂਡਮ ਦੀ ਤਿਆਰੀ

ਦੂਜੇ ਪਾਸੇ ਪੁਲਸ ਨੂੰ ਇਹ ਸੁਰਾਗ ਮਿਲੇ ਹਨ ਕਿ ਦੀਪਕ ਟੀਨੂੰ ਇਕ ਲੜਕੀ ਦੀ ਮਦਦ ਨਾਲ ਫਰਾਰ ਹੋਇਆ ਹੈ। ਪੁਲਸ ਦੀ ਪੁੱਛਗਿੱਛ ਦੌਰਾਨ ਦੀਪਕ ਟੀਨੂੰ ਨੂੰ ਭਜਾਉਣ ’ਚ 2 ਹੌਲਦਾਰਾਂ, ਇਕ ਹੋਰ ਪੁਲਸ ਮੁਲਾਜ਼ਮ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ ਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ’ਚ ਕਿਸ ਨੇ ਕਿਸ ਗੱਲੋਂ ਪੈਸੇ ਪਾਏ, ਇਹ ਪੁਲਸ ਲਈ ਅਜੇ ਭੇਤ ਬਣਿਆ ਹੋਇਆ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਮਾਨਸਾ ਪੁਲਸ ਪੜਤਾਲ ਕੀਤੀ ਜਾਣ ਦੀ ਗੱਲ ਕਰ ਰਹੀ ਹੈ।

PunjabKesari

ਐੱਸ. ਐੱਸ. ਪੀ. ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਬਰਖਾਸਤ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦਾ ਅਦਾਲਤ ਪਾਸੋਂ ਮੁੜ 12 ਅਕਤੂਬਰ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਜਿਸ ਤੋਂ ਇਸ ’ਚ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜੇ ਕਈ ਅਜਿਹੇ ਭੇਤ ਹਨ, ਜਿਨ੍ਹਾਂ ਦੀ ਪੁਲਸ ਅਜੇ ਆਪਣੇ ਤੌਰ ’ਤੇ ਪੜਤਾਲ ਕਰ ਰਹੀ ਹੈ, ਜਿਨ੍ਹਾਂ ਦਾ ਖੁਲਾਸਾ ਕਰਨਾ ਅਜੇ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕਤਲਕਾਂਡ ਅਤੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਆਦਿ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਪੁਲਸ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਗੈਂਗਸਟਰ ਬੇਸ਼ੱਕ ਪਾਤਾਲ ’ਚ ਲੁਕ ਜਾਣ, ਉਨ੍ਹਾਂ ਨੂੰ ਪੁਲਸ ਫੜ ਹੀ ਲਿਆਏਗੀ।

ਉਨ੍ਹਾਂ ਕਿਹਾ ਕਿ ਜੇਕਰ ਪੁਲਸ ਦੀ ਜਾਂਚ ਪੜਤਾਲ ਦੌਰਾਨ ਦੀਪਕ ਟੀਨੂੰ ਨੂੰ ਭਜਾਉਣ ’ਚ ਹੋਰ ਕਿਸੇ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਬੇਸ਼ੱਕ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਚੋਰਾਂ ਨਾਲ ਕੁੱਤੀ ਰਲੀ ਹੋਣ ’ਤੇ ਵੀ ਪੁਲਸ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ। ਪੁਲਸ ਦੀ ਤਫ਼ਤੀਸ਼ ਸਿੱਟ ਵੱਲੋਂ ਲਗਾਤਾਰ ਜਾਰੀ ਹੈ। ਛੇਤੀ ਹੀ ਦੀਪਕ ਟੀਨੂੰ ਪੁਲਸ ਦੀ ਗ੍ਰਿਫ਼ਤ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਗੁਪਤ ਸੂਚਨਾ ਜਾਂ ਜਾਣਕਾਰੀ ਮਿਲਦੀ ਹੈ ਤਾਂ ਉਹ ਮਾਨਸਾ ਪੁਲਸ ਨਾਲ ਸਾਂਝੀ ਕਰ ਸਕਦਾ ਹੈ, ਜਿਸ ’ਤੇ ਮਾਨਸਾ ਪੁਲਸ ਆਪਣੇ ਤੌਰ ’ਤੇ ਜਾਂਚ-ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਚੱਲਿਆ ਹੈ ਕਿ ਇਸ ਸਾਰੇ ਘਟਨਾਕ੍ਰਮ ਉਪਰ ਐੱਸ.ਐੱਸ.ਪੀ. ਗੌਰਵ ਤੂਰਾ ਕਾਂ ਅੱਖ ਰੱਖ ਕੇ ਬਾਰੀਕੀ ਨਾਲ ਜਾਂਚ ਵਿਚ ਜੁੱਟ ਗਏ ਹਨ ਤਾਂ ਕਿ ਜਲਦ ਹੀ ਫੜੇ ਸਾਬਕਾ ਸਬ-ਇੰਸਪੈਕਟਰ ਪ੍ਰਿਤਪਾਲ ਕੋਲੋਂ ਹੋਰ ਤੱਥਾਂ ਦੇ ਖੁਲਾਸੇ ਕਰਵਾਏ ਜਾ ਸਕਣ। ਜਿਸ ਤਹਿਤ ਐੱਸ.ਐੱਸ.ਪੀ. ਵੱਲੋਂ ਰੋਜ਼ਾਨਾ ਖੁਦ ਕਈ ਕਈ ਘੰਟੇ ਸੀ. ਆਈ. ਏ. ਸਟਾਫ਼ ਜਾ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
 


Manoj

Content Editor

Related News