ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

Thursday, Jul 01, 2021 - 06:04 PM (IST)

ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਵਿਦਿਆਰਥੀ, ਜਦੋਂ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਦੇ ਮਨ ਵਿੱਚ ਇੱਕੋ ਹੀ ਸਵਾਲ ਹੁੰਦਾ ਹੈ ਕਿ ਉਹ ਕਿਹੜੇ ਖੇਤਰ ਵਿੱਚ ਕਰੀਅਰ ਬਣਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਖੇਤਰ ਹਨ ਜੋ ਵਿਦਿਆਰਥੀਆਂ ਨੂੰ ਉਸ ਦੀ ਯੋਗਤਾ ਅਨੁਸਾਰ ਕਰੀਅਰ ਬਣਾਉਣ ਦੇ ਮੌਕੇ ਪ੍ਰਦਾਨ ਕਰਵਾਉਂਦੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਨੌਕਰੀਆਂ ਸਬੰਧੀ ਇਸ਼ਤਿਹਾਰ ਜਾਰੀ ਕਰਨ ਸਬੰਧੀ ਸਰਕਾਰ ਫ਼ੈਸਲੇ ਲੈ ਰਹੀ ਹੈ। ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਵਿੱਚ ਭਵਿੱਖ ਵਿਚ 10000 ਅਸਾਮੀਆਂ, ਪੰਜਾਬ ਪੁਲਸ ਵਿਚ ਵੀ ਭਰੀਆਂ ਜਾਣ ਬਾਰੇ ਗੱਲ ਕੀਤੀ ਗਈ ਹੈ। ਹਰੇਕ ਖੇਤਰ ਵਿਚ ਅਸਾਮੀਆਂ ਪ੍ਰਤੀ ਵੱਖ ਵੱਖ ਯੋਗਤਾਵਾਂ ਤੈਅ ਕੀਤੀਆਂ ਗਈਆਂ ਹਨ। ਇਸ ਲਈ ਵਿਦਿਆਰਥੀ ਤਿਆਰ ਰਹਿਣ ਤਾਂ ਜੋ ਭਵਿੱਖ ਚ ਇਹਨਾਂ ਅਸਾਮੀਆਂ ਦੀ ਤਿਆਰੀ ਹੋ ਸਕੇ। 

ਅਸਾਮੀਆਂ,ਵਿੱਦਿਅਕ ਯੋਗਤਾ ਅਤੇ ਉਮਰ
ਪੰਜਾਬ ਪੁਲਸ ਵਿਚ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀਆਂ ਯੋਗਤਾਵਾਂ ਵੱਖਰੀਆਂ ਵੱਖਰੀਆਂ ਹਨ । ਆੳਣ ਵਾਲੇ ਸਮੇਂ ਚ 10000 ਪੁਲਸ ਮੁਲਾਜ਼ਮਾਂ ਦੀਆਂ ਅਸਾਮੀਆਂ ਵਿਚ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਪੱਧਰ ‘ਤੇ ਵੱਖ-ਵੱਖ ਕਾਡਰਾਂ ਵਿੱਚ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਵਿੱਚ ਨਿਯਮਾਂ ਅਨੁਸਾਰ 33 ਫੀਸਦੀ ਮਹਿਲਾਵਾਂ ਦੀ ਭਰਤੀ ਹੋਵੇਗੀ। ਸਾਰੇ ਕਾਡਰਾਂ ਵਿਚ ਜ਼ਿਲ੍ਹਾ, ਆਰਮਡ, ਇਨਵੈਸਟੀਗੇਸ਼ਨ, ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਵਜੋਂ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅਸਾਮੀਆਂ ਦੀ ਭਰਤੀ ਪ੍ਰਕਿਰਿਆ ਲਈ ਨਿਯਮਾਂ ਦੀ ਗੱਲ ਕਰੀਏ ਤਾਂ ਪੂਰੀ ਪ੍ਰਕਿਰਿਆ ਸਰਕਾਰ ਵੱਲੋਂ ਬਣਾਏ ਗਏ ਵੱਖ ਵੱਖ ਰਾਜ ਪੱਧਰੀ ਭਰਤੀ ਬੋਰਡਾਂ ਦੁਆਰਾ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਵਿੱਚ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਦੀ ਭਰਤੀ ਵਿਚ ਉਮੀਦਵਾਰਾਂ (ਪੁਰਸ਼ ਜਾਂ ਮਹਿਲਾਵਾਂ) ਕੋਲ ਘੱਟੋ ਘੱਟ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਅਤੇ ਉਮਰ 1 ਜਨਵਰੀ, 2021 ਤੱਕ 28 ਸਾਲ ਹੋਵੇ। ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰ (ਪੁਰਸ਼ ਜਾਂ ਮਹਿਲਾ) ਜਿਨ੍ਹਾਂ ਦੀ ਉਮਰ 1 ਜਨਵਰੀ, 2021 ਤੱਕ 18-28 ਸਾਲ ਉਮਰ ਵਰਗ ਵਿੱਚ ਹੋਵੇ ਅਤੇ ਬਾਰ੍ਹਵੀਂ ਤੱਕ ਦੀ ਵਿੱਦਿਅਕ ਯੋਗਤਾ ਹੋਵੇ, ਉਹ ਪੰਜਾਬ ਪੁਲਸ ਵਿਚ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਯੋਗ ਹੋਣਗੇ। ਇਨ੍ਹਾਂ ਸਾਰੀਆਂ ਅਸਾਮੀਆਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਸ਼੍ਰੇਣੀਆਂ ਵਿੱਚ ਉਮਰ ਸਬੰਧੀ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
 
ਭਰਤੀ ਪ੍ਰਕਿਰਿਆ 
ਪੰਜਾਬ ਪੁਲਸ ਵਿਚ ਵੱਖ ਵੱਖ ਕੇਡਰ ਦੀ ਭਰਤੀ ਦੇ ਦੌਰਾਨ ਵੱਖ ਵੱਖ ਪ੍ਰਕਿਰਿਆਵਾਂ ਵਿੱਚੋਂ ਉਮੀਦਵਾਰ ਨੂੰ ਗੁਜ਼ਰਨਾ ਪਵੇਗਾ। ਸਭ ਤੋਂ ਪਹਿਲਾਂ ਉਸ ਨੂੰ ਨਿਸ਼ਚਿਤ ਮਿਤੀ ਤਕ ਅਪਲਾਈ ਕਰਨਾ ਪਵੇਗਾ। ਉਸ ਉਪਰੰਤ ਉਸਦੇ ਸਰੀਰਕ ਮਾਪਦੰਡ ਲਈ ਫਿਜ਼ੀਕਲ ਟੈਸਟ ਹੋਵੇਗਾ। ਜਿਹੜੇ ਉਮੀਦਵਾਰ ਫਿਜ਼ੀਕਲ ਟੈਸਟ ਵਿੱਚੋਂ ਯੋਗ ਪਾਏ ਜਾਣਗੇ ਉਨ੍ਹਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ ਇਸ ਸਾਰੀ ਪ੍ਰਕਿਰਿਆ ਨੂੰ ਮੈਰਿਟ ਦੇ ਅਨੁਸਾਰ ਤਿਆਰ ਕਰਕੇ ਹੀ ਪੂਰੀ ਸਿਲੈਕਸ਼ਨ ਪ੍ਰਕਿਰਿਆ ਹੋਵੇਗੀ। ਵੱਖ ਵੱਖ ਕਾਡਰਾਂ ਉੱਪਰ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਦੇ ਤੈਅਸ਼ੁਦਾ ਨਿਯਮਾਂ ਅਨੁਸਾਰ ਤਨਖ਼ਾਹ ਦਿੱਤੀ ਜਾਵੇਗੀ ਜੋ ਕਿ ਉਸ ਸ਼੍ਰੇਣੀ ਅਨੁਸਾਰ ਤੈਅ ਕੀਤੀ ਗਈ ਹੈ। ਸਿਪਾਹੀ ਤੋਂ ਲੈ ਕੇ ਸਬ ਇੰਸਪੈਕਟਰ ਪੱਧਰ ਦੇ ਅਧਿਕਾਰੀ ਤਕ ਵੱਖ ਵੱਖ ਤਨਖਾਹ ਨਿਯਮ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਦੀ ਵੈੱਬਸਾਈਟ ਉੱਪਰ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ।

ਭਰਤੀ ਪ੍ਰਕਿਰਿਆ ਲਈ ਸਰੀਰਕ ਮਾਪਦੰਡ
ਭਰਤੀ ਪ੍ਰਕਿਰਿਆ ਵਿੱਚ ਸਰੀਰਕ ਮਾਪਦੰਡਾਂ ਲਈ ਵੀ ਕੁਝ ਨਿਯਮ ਸਥਾਪਤ ਕੀਤੇ ਜਾਣਗੇ ਜੋ ਇਸ ਪ੍ਰਕਾਰ ਹਨ। ਪੁਰਸ਼ ਉਮੀਦਵਾਰ ਲਈ ਕੱਦ 5 ਫੁੱਟ 7 ਇੰਚ ਅਤੇ ਮਹਿਲਾ ਉਮੀਦਵਾਰ ਲਈ 5 ਫੁੱਟ 2 ਇੰਚ ਕੱਦ, ਜ਼ਰੂਰੀ ਹੈ। ਸਰੀਰਕ ਪ੍ਰੈਕਟੀਕਲ ਵਿੱਚ ਦੌੜ (ਪੁਰਸ਼ ਲਈ 1600 ਮੀਟਰ ਅਤੇ ਮਹਿਲਾ ਲਈ 800 ਮੀਟਰ), ਉੱਚੀ ਛਾਲ ਅਤੇ ਲੰਮੀ ਛਾਲ ਹੋਵੇਗੀ। ਪੁਰਸ਼ ਉਮੀਦਵਾਰ ਵੱਲੋਂ ਇਸ ਭਰਤੀ ਵਿਚ ਲੰਬੀ ਛਾਲ ਲਗਾਉਣੀ ਜ਼ਰੂਰੀ ਹੋਵੇਗੀ ਜੋ ਘੱਟੋ ਘੱਟ 3.80 ਮੀਟਰ ਹੋਵੇ ਅਤੇ ਮਹਿਲਾ ਉਮੀਦਵਾਰ ਵੱਲੋਂ ਵੀ ਲੰਬੀ ਛਾਲ ਵੀ ਲਗਾਉਣੀ ਜ਼ਰੂਰੀ ਹੋਵੇਗੀ ਜੋ ਘੱਟੋ ਘੱਟ 3.00 ਮੀਟਰ ਹੋਵੇਗੀ।  ਇਸ ਤੋਂ ਇਲਾਵਾ ਪੁਰਸ਼ ਉਮੀਦਵਾਰ ਵੱਲੋਂ ਉੱਚੀ ਛਾਲ ਲਗਾਉਣੀ ਜ਼ਰੂਰੀ ਹੋਵੇਗੀ ਜੋ ਘੱਟੋ ਘੱਟ 1.10 ਮੀਟਰ ਹੋਵੇਗੀ ਅਤੇ ਮਹਿਲਾ ਉਮੀਦਵਾਰ ਵੱਲੋਂ ਵੀ ਲੰਬੀ ਛਾਲ ਵੀ ਲਗਾਉਣੀ ਹੋਵੇਗੀ ਜੋ ਘੱਟੋ ਘੱਟ  0.95 ਮੀਟਰ ਜ਼ਰੂਰੀ ਹੋਵੇਗੀ। ਇਸ ਲਈ ਤਿੰਨ ਮੌਕੇ ਦਿੱਤੇ ਜਾਣਗੇ। ਇਸ ਸਮੁੱਚੀ ਪ੍ਰਕਿਰਿਆ ਦੇ ਮਾਪਦੰਡ ਮਹਿਲਾ ਉਮੀਦਵਾਰ ਅਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ। ਇਕ ਵਿਦਿਆਰਥੀ ਜਾਂ ਇਕ ਨੌਜਵਾਨ ਨੂੰ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਜਿੱਥੇ ਅਕਾਦਮਿਕ ਤੌਰ ‘ਤੇ ਵੱਖ ਵੱਖ ਵਿਸ਼ਿਆਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਉੱਥੇ ਹੀ ਸਰੀਰਕ ਮਾਪਦੰਡਾਂ ਬਾਰੇ ਵੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਮਿਥੇ ਹੋਏ ਮਾਪਦੰਡਾਂ ਨੂੰ ਪਾਸ ਕਰਕੇ ਨੌਕਰੀ ਪ੍ਰਾਪਤ ਕਰ ਸਕੇਗਾ। 

ਇਹ ਵੀ ਪੜ੍ਹੋ : 'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਲਿਖਤੀ ਟੈਸਟ
ਇਸ ਸਾਰੀ ਪ੍ਰਕਿਰਿਆ ਉਪਰੰਤ ਉਮੀਦਵਾਰ ਨੂੰ ਲਿਖਤੀ ਟੈਸਟ ਦੇਣਾ ਜ਼ਰੂਰੀ ਹੋਵੇਗਾ ਸਾਰੀਆਂ ਅਸਾਮੀਆਂ ਜਿਨ੍ਹਾਂ ਵਿਚ  ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀ ਭਰਤੀ ਲਈ ਲਿਖਤੀ ਟੈਸਟ ਵਿੱਚ ਆਮ ਗਿਆਨ ਦੇ ਅਧਾਰ ‘ਤੇ ਬਹੁ-ਵਿਕਲਪੀ ਪ੍ਰਸ਼ਨ ਹੋਣਗੇ। ਇਸ ਲਿਖਤੀ ਪ੍ਰੀਖਿਆ ਵਿੱਚ ਭਾਰਤੀ ਸੰਵਿਧਾਨ, ਭਾਰਤ ਅਤੇ ਪੰਜਾਬ ਦਾ ਇਤਿਹਾਸ, ਸਭਿਆਚਾਰ ਅਤੇ ਰਾਜਨੀਤੀ, ਵਿਗਿਆਨ ਅਤੇ ਤਕਨਾਲੋਜੀ, ਭਾਰਤੀ ਅਰਥਵਿਵਸਥਾ, ਭੂਗੋਲ ਅਤੇ ਵਾਤਾਵਰਣ, ਕੰਪਿਊਟਰ ਸਬੰਧੀ ਜਾਣਕਾਰੀ ਅਤੇ  ਰਾਸ਼ਟਰੀ, ਅੰਤਰਰਾਸ਼ਟਰੀ ਚਲੰਤ ਮਾਮਲਿਆਂ ਸਬੰਧੀ ਪ੍ਰਸ਼ਨ ਪੁੱਛੇ ਜਾਣਗੇ। ਇਸ ਲਿਖਤੀ ਪ੍ਰੀਖਿਆ ਲਈ ਉਮੀਦਵਾਰ ਨੂੰ ਬਹੁਤ ਸਾਰੇ ਹੋਰ ਵਿਸ਼ਿਆਂ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਹਿਸਾਬ ਅਤੇ ਭਾਸ਼ਾ ਵਿੱਚ ਪਕੜ ਵੀ ਸ਼ਾਮਲ ਹਨ। ਉਮੀਦਵਾਰ ਆਪਣੀ ਭਾਸ਼ਾ ਵਿੱਚ ਪਕੜ ਸਦਕਾ ਹੀ ਪੈਰਾ ਰਚਨਾ ਕਰ ਸਕਦਾ ਹੈ ਜਿਸ ਵਿਚ ਤਰਤੀਬ, ਸ਼ਬਦਾਵਲੀ, ਪੈਰ੍ਹਾ ਅਧਾਰਤ ਪ੍ਰਸ਼ਨ ਆਦਿ ਸ਼ਾਮਲ ਹੋਣਗੇ। 

ਲਿਖਤੀ ਅਤੇ ਫਿਜ਼ੀਕਲ ਪ੍ਰੈਕਟੀਕਲ
ਪੁਲਸ ਵਿਭਾਗ ਵਿੱਚ ਇਨ੍ਹਾਂ ਭਰਤੀਆਂ ਦੁਆਰਾ ਵੱਖ ਵੱਖ ਵਿਭਾਗਾਂ ਵਿੱਚ ਮੁਲਾਜ਼ਮ ਨਿਯੁਕਤ ਕੀਤੇ ਜਾਣੇ ਹਨ ਜਿਨ੍ਹਾਂ ਵਿਚੋਂ ਕੁਝ ਤਕਨੀਕੀ ਪੱਧਰ ਦੀਆਂ ਅਸਾਮੀਆਂ ਹਨ ਜਿਨ੍ਹਾਂ ਲਈ ਕੰਪਿਊਟਰ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਭਰਤੀ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਲਿਖਤੀ ਅਤੇ ਫਿਜ਼ੀਕਲ ਪ੍ਰੈਕਟੀਕਲ ਲਈ ਲਈ ਜਨਤਕ ਥਾਵਾਂ, ਜਨਤਕ ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨ ਮੈਦਾਨਾਂ ਆਦਿ ਦੀ ਵਰਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰ ਸਕਦੀ ਹੈ ਜਿਸ ਨਾਲ ਉਨ੍ਹਾਂ ਨੂੰ ਪੂਰੀ ਭਰਤੀ ਪ੍ਰਕਿਰਿਆ ਵਿੱਚ ਫਾਇਦਾ ਮਿਲੇਗਾ।

ਇਨ੍ਹਾਂ ਅਸਾਮੀਆਂ ਵਿੱਚ ਬਹੁਤ ਸਾਰੇ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਹਨ ਅਤੇ ਆਪਣੇ ਭਵਿੱਖ ਨੂੰ ਰੌਸ਼ਨ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੇ ਹਨ। ਨੌਜਵਾਨ ਉਹ ਵਰਗ ਹੈ ਜੋ ਕਿਸੇ ਵੀ ਖਿੱਤੇ ਦਾ ਉਹ ਸਰਮਾਇਆ ਹੁੰਦਾ ਹੈ ਜੋ ਉਸ ਨੂੰ ਅੱਗੇ ਲੈ ਕੇ ਚੱਲਦਾ ਹੈ। ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਮੇਂ ਦੀ ਜ਼ਰੂਰਤ ਵੀ ਹੈ। ਪੁਲਸ ਜਿਹੇ ਵਿਭਾਗਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਇਕ ਨਵਾਂ ਸਮਾਜ ਸਿਰਜਣ ਵਿੱਚ ਵੀ ਸਹਾਈ ਹੋਵੇਗੀ ਜਿਸ ਸਦਕਾ ਅਸੀਂ ਆਪਣੇ ਖਿੱਤੇ ਦੀ ਆਨ, ਬਾਨ ਤੇ ਸ਼ਾਨ ਲਈ ਨੌਜਵਾਨਾਂ ਦੀ ਅਗਵਾਈ ਅਧੀਨ ਨਵੀਆਂ ਪੁਲਾਂਘਾਂ ਪੁੱਟ ਸਕਾਂਗੇ।

ਡਾ. ਸਰਬਜੀਤ ਸਿੰਘ 
ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ 
ਖ਼ਾਲਸਾ ਕਾਲਜ, ਪਟਿਆਲਾ
9417626925


author

Harnek Seechewal

Content Editor

Related News