ਮੁਲਾਜ਼ਮਾਂ ਨੇ ਚੈਕਿੰਗ ਲਈ ਗੱਡੀ ਰੋਕੀ, ਚਾਲਕ ਨੇ ਨਿਕਲ ਕੇ ਪਾੜ''ਤੀ ਵਰਦੀ, ਪੁਲਸ ਨੇ ਪਿਸਤੌਲ ਸਣੇ ਕੀਤਾ ਕਾਬੂ

Saturday, Aug 24, 2024 - 05:09 AM (IST)

ਫਗਵਾੜਾ (ਜਲੋਟਾ)- ਇਕ ਸਮਾਂ ਸੀ ਜਦੋਂ ਸੜਕ ’ਤੇ ਇਕੱਲਾ ਪੁਲਸ ਮੁਲਾਜ਼ਮ ਵੀ ਡਿਊਟੀ ’ਤੇ ਹੁੰਦਾ ਸੀ ਤਾਂ ਲੋਕ ਡਰ ਦੇ ਮਾਰੇ ਲੰਘਦੇ ਨਹੀਂ ਸੀ, ਪਰ ਸ਼ਾਇਦ ਫਗਵਾੜਾ ਵਿਚ ਇਹ ਦੌਰ ਹੁਣ ਅਤੀਤ ਦੀ ਗੱਲ ਹੋ ਗਈ ਹੈ। ਫਗਵਾੜਾ ’ਚ ਤਾਂ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਹੈ ਕਿ ਉਹ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਾਬੰਦੀਸ਼ੁਦਾ ਕਾਲੀ ਫਿਲਮਾਂ ਵਾਲੀਆਂ ਗੱਡੀਆਂ ਵਿਚ ਨਾਜਾਇਜ਼ ਹਥਿਆਰ ਤੇ ਗੋਲੀ-ਸਿੱਕੇ ਲੈ ਕੇ ਸ਼ਰੇਆਮ ਘੁੰਮ ਰਹੇ ਹਨ। 

ਜਦੋਂ ਪੁਲਸ ਇਹੋ ਜਿਹੇ ਕਿਸੇ ਵਿਅਕਤੀ ਨੂੰ ਚੈਕਿੰਗ ਲਈ ਰੋਕਦੀ ਹੈ ਤਾਂ ਉਹ ਆਪਣਾ ਦਬਦਬਾ ਦਿਖਾਉਂਦਾ ਹੈ ਅਤੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕਰ ਉਨ੍ਹਾਂ ਦੀ ਵਰਦੀ ਤੱਕ ਪਾੜ ਕੇ ਜ਼ਖਮੀ ਕਰ ਦਿੰਦਾ ਹੈ। ਅਜਿਹਾ ਹੀ ਇਕ ਸਨਸਨੀਖੇਜ਼ ਮਾਮਲਾ ਫਗਵਾੜਾ ’ਚ ਉਸ ਸਮੇਂ ਭਾਰੀ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਫਗਵਾੜਾ ਪੁਲਸ ਨੇ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ, ਗੋਲੀ-ਸਿੱਕੇ ਅਤੇ ਕਾਲੇ ਸ਼ੀਸ਼ਿਆਂ ਵਾਲੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਦੋਸ਼ੀ ਨੌਜਵਾਨ ਨੇ ਚੈਕਿੰਗ ਕਰ ਰਹੇ ਦੋ ਪੁਲਸ ਅਧਿਕਾਰੀਆਂ ਦੀ ਵਰਦੀ ਪਾੜ ਦਿੱਤੀ ਅਤੇ ਉਨ੍ਹਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ

ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਜਿਸ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਉਸ ਦੀ ਪਛਾਣ ਸੰਨੀ ਪੁੱਤਰ ਸ਼ਿੰਦਾ ਵਾਸੀ ਸ਼ਹੀਦ ਜੋਗਿੰਦਰ ਨਗਰ ਫਗਵਾੜਾ ਵਜੋਂ ਹੋਈ ਹੈ ਅਤੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ, ਮੈਗਜ਼ੀਨ ਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਸ ਨੇ ਉਸ ਦੀ ਸ਼ੀਸ਼ਿਆਂ 'ਤੇ ਕਾਲੀ ਫਿਲਮ ਵਾਲੀ ਕਾਰ ਵੀ ਜ਼ਬਤ ਕਰ ਲਈ ਹੈ। ਪੁਲਸ ਨੇ ਦੋਸ਼ੀ ਸੰਨੀ ਖਿਲਾਫ ਥਾਣਾ ਸਿਟੀ ਫਗਵਾੜਾ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੈਰਾਨੀਜਨਕ ਪਹਿਲੂ ਇਹ ਹੈ ਕਿ ਫਗਵਾੜਾ ਵਿਚ ਇਸ ਸਭ ਦੇ ਬਾਅਦ ਵੀ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ’ਤੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਆਨ ਰਿਕਾਰਡ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ ਹੈ। ਜਾਣਕਾਰਾਂ ਦੀ ਦਲੀਲ ਹੈ ਕਿ ਉਕਤ ਮਾਮਲੇ ਵਿਚ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਰਸਮੀ ਤੌਰ 'ਤੇ ਪ੍ਰੈੱਸ ਕਾਨਫਰੰਸ ਬੁਲਾ ਕੇ ਸਾਰੀ ਜਾਣਕਾਰੀ ਮੀਡੀਆ ਨੂੰ ਦੇਣੀ ਚਾਹੀਦੀ ਸੀ। ਇਸ ਦੌਰਾਨ ਇਹ ਵੀ ਦੱਸਣਾ ਚਾਹੀਦਾ ਸੀ ਕਿ ਕਿਵੇਂ ਦੋ ਬਹਾਦਰ ਪੁਲਸ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਜੋਖਮ ਵਿਚ ਪਾ ਦਿੱਤੀ ਅਤੇ ਦੋਸ਼ੀ ਵੱਲੋਂ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਤੋਂ ਬਾਅਦ ਵੀ ਦੋਸ਼ੀ ਨੌਜਵਾਨ ਜਿਸ ਕੋਲ ਨਾਜਾਇਜ਼ ਅਸਲਾ ਅਤੇ ਗੋਲੀ ਸਿੱਕੇ ਸੀ, ਨੂੰ ਬਹੁਤ ਹੌਸਲੇ ਨਾਲ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਪੁਰਾਣੀ ਰੰਜਿਸ਼ ਕਾਰਨ ਮੋਟਰ 'ਤੇ ਨਹਾਉਣ ਗਏ ਨੌਜਵਾਨ ਦੇ ਮਾਰ'ਤੀ ਗੋਲ਼ੀ

ਵੱਡੇ ਪੁਲਸ ਅਧਿਕਾਰੀਆਂ ਨੂੰ ਫਗਵਾੜਾ ’ਚ ਅਜਿਹੇ ਬਹਾਦਰ ਪੁਲਸ ਕਰਮਚਾਰੀਆਂ ਦੀ ਮੀਡੀਆ ਦੇ ਸਾਹਮਣੇ ਜਨਤਕ ਤੌਰ ’ਤੇ ਪਿੱਠ ਥਪਥਪਾ ਸ਼ਾਬਾਸ਼ ਅਤੇ ਇਨਾਮ ਦੇਣਾ ਚਾਹੀਦਾ ਸੀ। ਪਰ ਅਜਿਹਾ ਕੁਝ ਨਹੀਂ ਹੋਇਆ ਹੈ ਅਤੇ ਨਾ ਹੀ ਖ਼ਬਰ ਲਿਖੇ ਜਾਣ ਤੱਕ ਕਿਸੇ ਸੀਨੀਅਰ ਪੁਲਸ ਅਧਿਕਾਰੀ ਦਾ ਵੱਡਾ ਬਿਆਨ ਹੀ ਮੀਡੀਆ ਨਾਲ ਸਾਂਝਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਜਾਂਚ ਜਾਰੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News