ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਮੌਤ
Saturday, Jun 06, 2026 - 12:54 AM (IST)
ਜਲੰਧਰ – 66 ਫੁੱਟੀ ਰੋਡ ’ਤੇ ਬੇਕਾਬੂ ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ। ਕਾਹਲੀ ਵਿਚ ਐਕਟਿਵਾ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ 2 ਵਾਰ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ। ਐਕਟਿਵਾ ਚਾਲਕ ਨੂੰ ਹਾਦਸੇ ਵਿਚ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ। ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਗੌਰਵ ਨਾਗਪਾਲ (40) ਨਿਵਾਸੀ ਨਿਊ ਰਾਜਾ ਗਾਰਡਨ ਨੇੜੇ ਮਿੱਠਾਪੁਰ ਚੌਕ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੀ ਇਕ ਛੋਟੀ ਬੇਟੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਗੌਰਵ ਨਾਗਪਾਲ ਦੇ ਭਰਾ ਦੀਪਕ ਨਾਗਪਾਲ ਨੇ ਦੱਸਿਆ ਕਿ ਵੀਰਵਾਰ ਸ਼ਾਮ 6 ਵਜੇ ਦੇ ਲੱਗਭਗ ਉਸ ਦੇ ਭਰਾ ਗੌਰਵ 66 ਫੁੱਟੀ ਰੋਡ ’ਤੇ ਬੇਕਰੀ ਦਾ ਸਾਮਾਨ ਖਰੀਦਣ ਗਿਆ ਸੀ। ਉਸ ਨੇ ਕਿਹ ਕਿ ਜਿਉਂ ਹੀ ਉਹ ਸਾਮਾਨ ਲੈ ਕੇ ਐਕਟਿਵਾ ’ਤੇ ਬੈਠਾ ਤਾਂ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਗੌਰਵ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਦੇਰ ਰਾਤ ਲੱਗਭਗ 3 ਵਜੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਪਰ ਡਾਕਟਰ ਨੇ ਸੀ. ਪੀ. ਆਰ. ਦੇ ਉਸ ਦਾ ਬਚਾਅ ਕਰ ਲਿਆ ਪਰ ਸ਼ੁੱਕਰਵਾਰ ਸਵੇਰੇ 6 ਵਜੇ ਦੁਬਾਰਾ ਹਾਰਟ ਅਟੈਕ ਆਉਣ ਨਾਲ ਗੌਰਵ ਨੂੰ ਬਚਾਇਆ ਨਹੀਂ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਿਵੇਂ ਹੀ ਸੂਚਨਾ ਪੁਲਸ ਨੂੰ ਮਿਲੀ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਿਦੱਤੀ। ਥਾਣਾ ਨੰਬਰ 7 ਦੇ ਇੰਚਾਰਜ ਰਮੇਸ਼ ਕੁਮਾਰ ਨੇ ਕਿਹਾ ਕਿ ਮ੍ਰਿਤਕ ਗੌਰਵ ਨਾਗਪਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਣਪਛਾਤਾ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਜਲਦ ਤੋਂ ਜਲਦ ਚਾਲਕ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
