ਦੇਰ ਰਾਤ ਤੇਜ਼ ਰਫਤਾਰ ਕਾਰ ਚਾਲਕ ਨੇ ਬੰਦ ਫਾਟਕ ਨੂੰ ਮਾਰੀ ਜ਼ਬਰਦਸਤ ਟੱਕਰ
Tuesday, Oct 19, 2021 - 02:19 PM (IST)
ਜਲੰਧਰ (ਗੁਲਸ਼ਨ) : ਬੀਤੀ ਰਾਤ ਲਗਭਗ 1.30 ਵਜੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਗੁਰੂ ਨਾਨਕਪੁਰਾ ਦੇ ਬੰਦ ਫਾਟਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਫਾਟਕ ਦੇ ਦੋਵੇਂ ਪੋਲ ਟੁੱਟ ਗਏ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਏਅਰਬੈਗ ਖੁੱਲ੍ਹਣ ਨਾਲ ਨੌਜਵਾਨ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਕ ਗੁਰੂ ਨਾਨਕਪੁਰਾ ਫਾਟਕ ਦੇ ਗੇਟਮੈਨ ਨੇ ਰਾਤੀਂ ਲਗਭਗ 1.25 ਵਜੇ ਟਰੇਨ ਦੇ ਆਉਣ ਸਮੇਂ ਫਾਟਕ ਨੂੰ ਬੰਦ ਕੀਤਾ ਸੀ। ਇਸ ਦੌਰਾਨ ਰੇਲਵੇ ਕਾਲੋਨੀ ਵੱਲੋਂ ਇਕ ਤੇਜ਼ ਰਫਤਾਰ ਆਈ-20 ਕਾਰ (ਪੀ ਬੀ 10 ਈ ਵੀ-0787) ਆਈ ਅਤੇ ਉਸਨੇ ਬੰਦ ਫਾਟਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਹਿਲਾਂ ਪੋਲ ਤੋੜ ਕੇ ਦੂਜੇ ਪੋਲ ਨਾਲ ਜਾ ਟਕਰਾਈ। ਦੋਵੇਂ ਪੋਲ ਟੁੱਟਣ ਨਾਲ ਟਰੇਨਾਂ ਦੇ ਸੰਚਾਲਨ ਵਿਚ ਵਰਤੇ ਜਾਣ ਵਾਲੇ ਹੋਰ ਸਾਮਾਨ ਨੂੰ ਵੀ ਨੁਕਸਾਨ ਪੁੱਜਾ। ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਰਾਹੁਲ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨਿਵਾਸੀ ਕਪੂਰਥਲਾ ਵਜੋਂ ਹੋਈ ਹੈ। ਪੁਲਸ ਨੇ ਨੁਕਸਾਨੀ ਕਾਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।