ਕਾਂਗਰਸੀ ਹੀ ਦੱਸਣ ਲੱਗੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ : ਸੁਖਬੀਰ

Wednesday, Dec 25, 2019 - 08:37 PM (IST)

ਕਾਂਗਰਸੀ ਹੀ ਦੱਸਣ ਲੱਗੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ : ਸੁਖਬੀਰ

ਲੁਧਿਆਣਾ,(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਨੇੜੇ ਇਕ ਭਾਈਚਾਰਕ ਸਮਾਗਮ 'ਚ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਜ਼ਿਆਦਾ ਦੱਸਣ ਦੀ ਲੋੜ ਨਹੀਂ। ਹੁਣ ਤਾਂ ਕਾਂਗਰਸ ਪਾਰਟੀ ਦੇ ਵਿਧਾਇਕ, ਐੱਮ. ਪੀ., ਮੰਤਰੀ ਹੀ ਸਰਕਾਰ ਦੀਆਂ ਨਾਕਾਮੀਆਂ ਦੱਸਣ ਲਗ ਪਏ ਹਨ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਸੱਤਾ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਚੱਲਦੇ ਵਿਕਾਸ ਦੇ ਪਹੀਏ ਨੂੰ ਬੁਰੀ ਤਰ੍ਹਾਂ ਰੋਕ ਕੇ ਪੰਜਾਬ ਦੇ ਵਿਕਾਸ 'ਚ ਵੱਡੀ ਖੜੋਤ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਂਦ 'ਚ ਆ ਸਕੇ। ਉਨ੍ਹਾਂ ਟਕਸਾਲੀਆਂ ਬਾਰੇ ਕਿਹਾ ਕਿ ਜਿਹੜੇ ਆਗੂ ਆਪਣੀ ਪਾਰਟੀ ਦੇ ਨਹੀਂ ਹੋਏ, ਉਹ ਪੰਜਾਬ ਦੇ ਕਿਵੇਂ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ, ਹਰਮੇਲ ਸਿੰਘ ਟੌਹੜਾ, ਜਗਤਾਰ ਸਿੰਘ ਰਾਜੋਆਣਾ, ਰਾਜ ਕਮਲ ਸਿੰਘ ਗਿੱਲ ਆਦਿ ਆਗੂ ਹਾਜ਼ਰ ਸਨ।


Related News