ਕੈਪਟਨ ਦਾ ਚੀਨ ਤੋਂ ਕਿਨਾਰਾ, ਭਾਰਤੀ ਕੰਪਨੀ ਲਾਵਾ ਤੋਂ ਖਰੀਦੇ 'ਸਮਾਰਟਫੋਨ'
Monday, Aug 10, 2020 - 10:17 PM (IST)
ਜਲੰਧਰ,(ਵੈਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ 12 ਅਗਸਤ ਯੂਥ ਦਿਵਸ ਮੌਕੇ ਵਿਦਿਆਰਥੀਆਂ ਨੂੰ ਵੰਡੇ ਜਾਣ ਵਾਲੇ ਮੋਬਾਇਲ ਫੋਨ ਚੀਨ ਦੇ ਨਹੀਂ ਬਲਕਿ ਭਾਰਤੀ ਕੰਪਨੀ ਲਾਵਾ ਦੇ ਹੋ ਸਕਦੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਵਲੋਂ ਚੀਨ ਦੇ ਸਮਾਨ ਦਾ ਬਾਈਕਾਟ ਕਰ ਚੀਨ ਤੋਂ ਕਿਨਾਰਾ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਭਾਰਤੀ ਕੰਪਨੀ ਲਾਵਾ ਤੋਂ ਇਹ ਮੋਬਾਇਲ ਫੋਨ ਖਰੀਦੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੈਪਟਨ ਵਲੋਂ ਪਹਿਲਾਂ ਵਿਦਿਆਰਥੀਆਂ ਨੂੰ ਵੰਡੇ ਜਾਣ ਵਾਲੇ ਸਮਾਰਟਫੋਨ ਚੀਨ ਤੋਂ ਖਰੀਦਣ ਦੀ ਗੱਲ ਕਹੀ ਗਈ ਸੀ।
ਜ਼ਿਕਰਯੋਗ ਹੈ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਦੇਣ ਦੀ ਕਵਾਇਦ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 12 ਅਗਸਤ ਭਾਵ ਯੂਥ ਦਿਵਸ ਮੌਕੇ 12ਵੀਂ ਦੇ 1 ਲੱਖ 74 ਹਜ਼ਾਰ 15 ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵਲੋਂ ਆਗਿਆ ਹਾਸਿਲ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ 12 ਅਗਸਤ ਨੂੰ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਵਲੋਂ 12ਵੀਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਵਿਡ-19 ਕਾਰਨ ਸਾਰੀਆਂ ਸਾਵਧਾਨੀਆਂ ਵਰਤਦਿਆਂ ਸਹੀ ਜਗ੍ਹਾ 'ਤੇ ਛੋਟਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ।