ਕੈਪਟਨ ਅਮਰਿੰਦਰ ਸਿੰਘ ਦਾ ਐਲਾਨ, ਪੰਜਾਬ 'ਚ ਹੋਵੇਗੀ ਹੋਰ ਸਖ਼ਤੀ

08/21/2020 7:47:40 PM

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫੇਸਬੁੱਕ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੇ 16ਵੇਂ ਐਡੀਸ਼ਨ ਦੌਰਾਨ ਅਹਿਮ ਜਾਣਕਾਰੀ ਦੇਣ ਲਈ ਲਾਈਵ ਹੋਏ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਹੈ ਅਤੇ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਪੰਜਾਬ 'ਚ ਹੋਰ ਵਧਣਗੇ ਅਤੇ ਇਸ ਲਈ ਮੈਂ ਪੰਜਾਬ 'ਚ ਹੋਰ ਸਖ਼ਤੀ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ 'ਚ ਕੋਰੋਨਾ ਬਿਮਾਰੀ 'ਤੇ ਕੰਟਰੋਲ ਹੋ ਗਿਆ ਸੀ ਪਰ ਹੁਣ ਪੰਜਾਬ 'ਚ ਬਿਮਾਰੀ ਦਾ ਜ਼ਿਆਦਾ ਫੈਲਾਅ ਹੋ ਰਿਹਾ ਹੈ, ਜਿਸ ਕਾਰਣ ਮੈਨੂੰ ਸਖ਼ਤੀ ਕਰਨੀ ਪੈ ਰਹੀ ਹੈ ਅਤੇ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਆਂਕੜੇ ਦੇਖ ਕੇ ਮੈਨੂੰ ਬੁਰਾ ਲੱਗਾ ਹੈ।

ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਉਣ ਦੇ ਹੁਕਮ ਹਨ ਅਤੇ ਇਹ ਹੁਕਮ ਅੱਜ ਤੋਂ ਜਾਰੀ ਹਨ। ਇਸ ਦੇ ਨਾਲ ਹੀ ਹਫਤੇ ਦੇ ਅਖੀਰਲੇ 2 ਦਿਨ ਤਾਲਾਬੰਦੀ ਰਹੇਗੀ ਅਤੇ ਇਸ ਦੇ ਨਾਲ ਹੀ ਦੁਕਾਨਾਂ ਤੇ ਹੋਟਲ ਰੈਸਟਰੈਂਟ ਵੀ 7 ਵਜੇ ਤਕ ਬੰਦ ਕਰਨੇ ਹੋਣਗੇ। ਹਾਲਾਂਕਿ 31 ਅਗਸਤ ਤਕ ਜਾਰੀ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਾਰੀ ਕੀਤੇ ਗਏ ਨਵੇਂ ਹੁਕਮ 31 ਅਗਸਤ ਤਕ ਲਾਗੂ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜੇਕਰ ਕੋਰੋਨਾ ਹਾਲਾਤ ਨਾਲ ਸੁਧਰੇ ਤਾਂ ਮੈਂ ਹੋਰ ਸਖ਼ਤੀ ਕਰਾਂਗਾ।

ਸ਼ਨੀਵਾਰ ਤੇ ਐਤਵਾਰ ਨੂੰ ਪੂਰੀ ਤਰ੍ਹਾਂ ਲਾਗੂ ਹੋਵੇਗਾ ਕਰਫਿਊ
ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨੂੰ ਪੂਰੀ ਤਰ੍ਹਾਂ ਨਾਲ ਕਰਫਿਊ ਲਾਗੂ ਹੋਵੇਗਾ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਹੁਣ ਵੀਕੈਂਡ 'ਚ ਪੂਰੇ ਸੂਬੇ 'ਚ ਕਰਫਿਊ ਲਾਗੂ ਹੋਵੇਗਾ। ਲੋਕਾਂ ਨੂੰ ਘਰ 'ਚੋਂ ਬਾਹਰ ਨਿਕਲਣ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਵੀਕੈਂਡ 'ਚ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ ਸਕਣਗੀਆਂ ਅਤੇ ਇਕ ਘਰ 'ਚੋਂ ਇਕ ਆਦਮੀ ਹੀ ਸਮਾਨ ਲੈਣ ਜਾ ਸਕੇਗਾ। ਇਸ ਦੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਹੋਟਲ-ਰੈਸਟੋਰੈਂਟ ਸ਼ਾਮ 6:30 ਵਜੇ ਤਕ ਖੁੱਲ ਸਕਣਗੇ ਪਰ ਉਹ ਸਿਰਫ ਹੋਮ ਡਿਲੀਵਰੀ ਦੇ ਸਕਣਗੇ। ਇਸ ਦੇ ਨਾਲ ਹੀ ਸ਼ਰਾਬ ਦੇ ਠੇਕੇ ਵੀ 6:30 ਵਜੇ ਤਕ ਖੁੱਲ ਸਕਣਗੇ। ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਤਕ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸ਼ਾਮ 6:30 ਵਜੇ ਤਕ ਹੋਵੇਗਾ, ਉਸ ਦੇ ਬਾਅਦ ਕੋਈ ਦੁਕਾਨ ਨਹੀਂ ਖੁੱਲ ਸਕੇਗੀ ਅਤੇ ਸ਼ਾਮ 7 ਵਜੇ ਰੋਜ਼ਾਨਾ ਕਰਫਿਊ ਜਾਰੀ ਰਹੇਗਾ।

ਹੜਤਾਲ 'ਤੇ ਚੱਲ ਰਹੇ ਗਰੁਪ ਸੀ ਤੇ ਡੀ ਕਰਮਚਾਰੀਆਂ ਨੂੰ ਕੰਮ 'ਤੇ ਵਾਪਸ ਪਰਤਣ ਦੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਕੱਤਰੇਤ ਅਤੇ ਜ਼ਿਲ੍ਹਿਆਂ ਦੇ ਹੜਤਾਲ 'ਤੇ ਚੱਲ ਰਹੇ ਗਰੁੱਪ ਸੀ ਤੇ ਡੀ ਕਰਮਚਾਰੀਆਂ ਨੂੰ ਕੰਮ 'ਤੇ ਵਾਪਸ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਮਹਾਂਮਾਰੀ ਦੀ ਔਖੀ ਘੜੀ ਅਤੇ ਵਿੱਤੀ ਸੰਕਟ ਦੇ ਬਾਵਜੂਦ ਕਰਮਚਾਰੀਆਂ ਦੀਆਂ ਲੰਬਿਤ ਪਈਆਂ ਮੰਗਾਂ ਨੂੰ ਪੂਰਾ ਕਰਨ ਲਈ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਪਿਛਲੇ ਇੱਕ ਹਫਤੇ ਤੋਂ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਨ ਅਤੇ ਸੰਕਟਕਾਲੀ ਦੌਰ ਵਿੱਚ ਲੰਘ ਰਹੇ ਸੂਬੇ ਦੇ ਹਿੱਤਾਂ ਲਈ ਮੁੜ ਕੰਮ 'ਤੇ ਪਰਤਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਮੌਜੂਦਾ ਸੰਕਟ ਦੇ ਬਾਵਜੂਦ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ 'ਤੇ ਸੁਹਿਰਦਤਾ ਨਾਲ ਧਿਆਨ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਮੁਲਾਜ਼ਮ ਆਪਣੇ ਮੋਬਾਈਲ ਭੱਤੇ ਦੇ ਬੰਦ ਹੋਣ ਪਿੱਛੋਂ ਹੜਤਾਲ 'ਤੇ ਚਲੇ ਗਏ ਸਨ। ਕਰਮਚਾਰੀ ਉਦੋਂ ਤੋਂ ਹੀ ਕੰਮ 'ਤੇ ਹਾਜ਼ਰ ਨਹੀਂ ਹੋ ਰਹੇ ਅਤੇ ਭੱਤੇ ਦੀ ਬਹਾਲੀ ਸਮੇਤ ਆਪਣੀਆਂ ਬਕਾਇਆ ਮੰਗਾਂ ਦੇ ਹੱਲ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਸਾਰੇ ਕਰਮਚਾਰੀਆਂ ਦੇ ਹਿੱਤਾਂ ਅਤੇ ਭਲਾਈ ਲਈ ਵਚਨਬੱਧ ਹੈ ਅਤੇ ਮੌਜੂਦਾ ਹਾਲਤਾਂ ਵਿੱਚ ਵੀ ਉਨ੍ਹਾਂ ਦੀਆਂ ਔਕੜਾਂ ਛੇਤੀ ਤੋਂ ਛੇਤੀ ਹੱਲ ਕਰੇਗੀ।

 


Deepak Kumar

Content Editor

Related News