ਕੈਪਟਨ ਦਾ ਕੇਂਦਰ ਨੂੰ ਸਵਾਲ, ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ?

Monday, Nov 30, 2020 - 09:36 PM (IST)

ਕੈਪਟਨ ਦਾ ਕੇਂਦਰ ਨੂੰ ਸਵਾਲ, ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ?

ਸੁਲਤਾਨਪੁਰ ਲੋਧੀ/ਡੇਰਾ ਬਾਬਾ ਨਾਨਕ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਉਨ੍ਹਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਗੱਲ ਸੁਣਨਾ ਸਰਕਾਰਾਂ ਦਾ ਫਰਜ ਹੁੰਦਾ ਹੈ। ਦੋਹਾਂ ਇਤਿਹਾਸਕ ਸਥਾਨਾਂ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਨੇਕਾਂ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨਾਂ ਵਿਚ ਤਿੱਖਾ ਸੰਘਰਸ਼ ਕਰ ਰਹੇ ਹਨ ਤਾਂ ਲਾਜ਼ਮੀ ਹੈ ਕਿ ਉਹ ਇਨਾਂ ਕਾਨੂੰਨਾਂ ਕਾਰਨ ਚਿੰਤਾ ਵਿਚ ਹਨ। ਉਨ੍ਹਾਂ ਆਪਣੀ ਸਰਕਾਰ ਦੀ ਕਿਸਾਨਾਂ ਦੇ ਹੱਕ ਵਿਚ ਡਟਕੇ ਖੜਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਪ੍ਰਧਾਨ ਮੰਤਰੀ ਵਲੋਂ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਣ ਦੇ ਸਟੈਂਡ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੁਰੂ ਤੋਂ ਹੀ ਅਜਿਹਾ ਕਹਿ ਰਹੇ ਹਨ, ਜਿਸ ਕਰਕੇ ਪੰਜਾਬ ਨੂੰ ਆਪਣੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਬਿੱਲ ਪਾਸ ਕਰਨੇ ਪਏ।  

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਉਨ੍ਹਾਂ ਰਾਜਪਾਲ ਵਲੋਂ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਥਾਂ ਆਪਣੇ ਕੋਲ ਰੱਖਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਨਿਯੁਕਤੀ ਵੇਲੇ ਵੀ ਪਿਛਲੇ ਸਾਲ ਰਾਜਪਾਲ ਵਲੋਂ ਅਜਿਹਾ ਕੀਤਾ ਗਿਆ ਸੀ। ਘੱਟੋ-ਘੱਟ ਖਰੀਦ ਮੁੱਲ 'ਤੇ ਆੜਤੀ ਵਿਵਸਥਾ ਨੂੰ ਪੰਜਾਬ ਦੇ ਸਫਲ ਖੇਤੀ ਮਾਡਲ ਦਾ ਅਧਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਵਿਚਕਾਰ ਗਹਿਰਾ ਰਿਸਤਾ ਹੈ, ਜਿਸ ਕਰਕੇ ਅਜਿਹੀ ਸੁਚੱਜੀ ਵਿਵਸਥਾ ਨੂੰ ਤਬਦੀਲ ਕਰਨ ਦੀ ਕੀ ਲੋੜ ਹੈ? ਉਨ੍ਹਾਂ ਕਿਹਾ ਕਿ ਕੀ ਆੜਤੀਆਂ ਦੀ ਥਾਂ ਲੈਣ ਵਾਲੇ ਕਾਰਪੋਰੇਟ ਘਰਾਣੇ ਔਖੀ ਘੜੀ 'ਚ ਕਿਸਾਨਾਂ ਦੀ ਬਾਂਹ ਫੜਨਗੇ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਛੋਟੇ ਕਿਸਾਨਾਂ ਨੂੰ ਖਾਸ ਮਹੱਤਤਾ ਦਿੱਤੀ ਗਈ ਸੀ ਅਤੇ ਸੂਬੇ ਦੀ 75 ਫੀਸਦੀ ਕਿਸਾਨੀ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਛੋਟੇ ਤੇ ਸੀਮਾਂਤ ਕਿਸਾਨ ਰੁਲ  ਜਾਣਗੇ, ਜਿਸ ਕਰਕੇ ਕਿਸਾਨ ਕੜਾਕੇ ਦੀ ਠੰਡ ਤੇ ਕਰੋਨਾ ਦੇ ਖੌਫ ਵਿਚ ਵੀ ਹਰਿਆਣਾ ਪੁਲਿਸ ਦੇ ਤਸੱਦਦ ਨੂੰ ਝੱਲਦੇ ਹੋਏ ਦਿੱਲੀ ਦੀ ਸਰਹੱਦ ਵਿਖੇ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਵਧਿਆ ਟਕਰਾਅ, ਕੇਂਦਰ ਨੂੰ ਦਿੱਤੀ ਚੇਤਾਵਨੀ

ਇਹ ਕਰਤਾਰਪੁਰ ਲਾਂਘਾ ਖੋਲਣ ਦਾ ਸਮਾਂ
ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਇਹ ਸਹੀ ਸਮਾਂ ਹੈ ਕਿ ਇਸਨੂੰ ਦੁਬਾਰਾ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਇਸ ਨੂੰ ਖੋਲ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਇਸ ਕੌਰੀਡੋਰ ਨੂੰ ਖੋਲ ਕਿਉਂ ਨਹੀਂ ਰਹੀ। ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਦਾ ਯਤਨ ਕਰਨ ਵਾਲੀਆਂ ਸ਼ਕਤੀਆਂ ਨੂੰ ਏਕਤਾ ਨਾਲ ਰੋਕਿਆ ਜਾਵੇ। ਉਨ੍ਹਾਂ ਚੀਨ ਦੀ ਸਰਹੱਦ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਗੁਰਤੇਜ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਇਸ ਮਹਾਨ ਪੁੱਤਰ ਨੇ ਐਲ ਏ ਸੀ ਉੱਪਰ ਚੀਨ ਨਾਲ ਹਾਲ ਹੀ ਵਿਚ ਹੋਈਆਂ ਝੜਪਾਂ ਵਿਚ 12 ਚੀਨੀ ਸੈਨਿਕਾਂ ਨੂੰ ਮਾਰਕੇ ਖੁਦ ਸ਼ਹਾਦਤ ਦਾ ਜਾਮ ਪੀਤਾ।  ਮੁੱਖ ਮੰਤਰੀ ਨੇ ਕਿਹਾ ਕਿ ਕੇਵਲ ਇਕਜੁੱਟ ਭਾਰਤ ਹੀ ਦੇਸ਼ ਦੇ ਦੁਸਮਣਾਂ ਨਾਲ ਲੜ ਸਕਦਾ ਹੈ।

ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸਰਬ ਸਾਂਝੀਵਾਲਤਾ ਦਾ ਸੰਦੇਸ਼
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ, ਜਿਸ ਦੀ ਵਰਤਮਾਨ ਸਮੇਂ ਸਭ ਤੋਂ ਵੱਡੀ ਸਾਰਥਿਕਤਾ ਹੈ। ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਤਾਬਦੀ ਸਮਾਗਮਾਂ ਦੀ ਸੰਪੂਰਨਤਾ ਅਤੇ 551ਵੇਂ ਪ੍ਰਕਾਸ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੋਵਾਂ ਸਥਾਨਾਂ ਦਾ ਦੌਰਾ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਵਿਸ਼ਵ ਭਰ ਦੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਦੀਆਂ ਪੁਰਾਣੀਆਂ ਸਿੱਖਿਆਵਾਂ ਅਜੋਕੇ ਸਮੇਂ ਵਿੱਚ ਵੀ ਉਨੀਆਂ ਹੀ ਸਾਰਥਕ ਸਿੱਧ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਮਾਨਵਤਾ ਦੀ ਭਲਾਈ ਲਈ ਪਿਆਰ, ਸ਼ਾਂਤੀ ਅਤੇ ਹਮਦਰਦੀ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਹਨ ਅਤੇ ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਸਰਬੱਤ ਦਾ ਭਲੇ' ਦਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ।


author

Deepak Kumar

Content Editor

Related News