ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੌਰਾ ਮੁਕੰਮਲ ਕਰ ਪਰਤੇ ਪੰਜਾਬ
Wednesday, Nov 27, 2019 - 08:23 PM (IST)

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੌਰਾ ਮੁਕੰਮਲ ਕਰ ਕੇ ਪੰਜਾਬ ਪਰਤ ਆਏ ਹਨ। ਇੰਗਲੈਂਡ ਤੋਂ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਹੀ ਦਿੱਲੀ ਪਹੁੰਚ ਗਏ ਸਨ ਪਰ ਦਿੱਲੀ ਤੋਂ ਚੰਡੀਗੜ੍ਹ ਨਹੀਂ ਪਹੁੰਚ ਸਕੇ। ਚੰਡੀਗੜ੍ਹ 'ਚ ਮੌਸਮ ਦੇ ਖਰਾਬ ਹੋਣ ਕਾਰਣ ਉਨ੍ਹਾਂ ਦਾ ਹੈਲੀਕਾਪਟਰ ਉਥੇ ਨਹੀਂ ਉਤਰ ਸਕਦਾ ਸੀ। ਇਹੀ ਕਾਰਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਪੰਜਾਬ ਵਿਧਾਨ ਸਭਾ ਦੇ ਹੋਏ ਵਿਸ਼ੇਸ਼ ਸਮਾਗਮ 'ਚ ਹਿੱਸਾ ਨਹੀਂ ਲੈ ਸਕੇ ਸਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਦੇ ਬੁੱਧਵਾਰ ਵਾਪਸ ਆਉਂਦਿਆਂ ਹੀ ਸੂਬੇ ਦੇ ਮੰਤਰੀ ਵੀ ਚੰਡੀਗੜ੍ਹ ਪਹੁੰਚ ਗਏ। ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਵਿਚ ਕੁਝ ਮੰਤਰੀ ਆਪਣੇ-ਆਪਣੇ ਹਲਕਿਆਂ ਵਿਚ ਚਲੇ ਗਏ ਸਨ, ਇਸ ਕਾਰਣ ਚੰਡੀਗੜ੍ਹ ਦੇ ਸਿਵਲ ਸਕੱਤਰੇਤ 'ਚ ਕੁਝ ਦਿਨ ਸੁੰਨਸਾਨ ਮਾਹੌਲ ਵੇਖਿਆ ਗਿਆ ਸੀ।
ਮੁੱਖ ਮੰਤਰੀ ਦੇ ਚੰਡੀਗੜ੍ਹ ਪਹੁੰਚਣ ਪਿੱਛੋਂ ਪ੍ਰਸ਼ਾਸਨਿਕ ਖੇਤਰਾਂ ਵਿਚ ਵੀ ਚਹਿਲ ਪਹਿਲ ਨਜ਼ਰ ਆਈ। ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਆਪਣੇ-ਆਪਣੇ ਦਫਤਰਾਂ ਵਿਚ ਮੌਜੂਦ ਸਨ। ਇਕ ਕਾਂਗਰਸੀ ਨੇਤਾ ਨੇ ਕਿਹਾ ਕਿ ਮੁਖੀ ਹੋਣ ਦੇ ਨਾਤੇ ਕੈਪਟਨ ਦੇ ਚੰਡੀਗੜ੍ਹ ਵਿਚ ਰਹਿਣ ਦਾ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ 'ਤੇ ਕਾਫੀ ਪ੍ਰਭਾਵ ਵੇਖਿਆ ਜਾਂਦਾ ਹੈ। ਕੈਪਟਨ ਦੇ ਵਿਦੇਸ਼ੀ ਦੌਰੇ ਦੌਰਾਨ ਜ਼ਿਲਿਆਂ 'ਚ ਵਧੇਰੇ ਪੁਲਸ ਅਧਿਕਾਰੀ ਜਾਂ ਤਾਂ ਛੁੱਟੀ 'ਤੇ ਸਨ ਜਾਂ ਫਿਰ ਪੂਰੇ ਮਨ ਨਾਲ ਕੰਮ ਨਹੀਂ ਕਰ ਰਹੇ ਸਨ। ਮੁੱਖ ਮੰਤਰੀ ਦੇ ਆਉਂਦਿਆਂ ਹੀ ਅਧਿਕਾਰੀਆਂ ਨੇ ਬੈਠਕਾਂ ਸ਼ੁਰੂ ਕਰ ਦਿੱਤੀਆਂ। ਕੈਪਟਨ ਵਲੋਂ ਅਗਲੇ ਕੁਝ ਦਿਨਾਂ ਵਿਚ ਸਰਕਾਰੀ ਬੈਠਕਾਂ ਰੱਖੀਆਂ ਗਈਆਂ ਹਨ। ਨਾਲ ਹੀ ਦਸੰਬਰ ਦੇ ਸ਼ੁਰੂ ਵਿਚ ਉਹ ਮੰਤਰੀ ਮੰਡਲ ਦੀ ਵੀ ਬੈਠਕ ਸੱਦਣਗੇ। ਮੁੱਖ ਮੰਤਰੀ ਦੇ ਆਉਂਦਿਆਂ ਹੀ ਉਨ੍ਹਾਂ ਦੇ ਨੇੜਲੇ ਅਧਿਕਾਰੀ ਮੁੱਖ ਮੰਤਰੀ ਦਫਤਰ ਅਤੇ ਨਿਵਾਸ ਅਸਥਾਨ ਵਿਖੇ ਹਾਜ਼ਰ ਹੋ ਗਏ।