ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਹੁਕਮ, ਪੰਜਾਬ ''ਚ ਹੀ ਤਿਆਰ ਕੀਤੀ ਜਾਵੇ ਮੈਡੀਕਲ ਆਕਸੀਜਨ

Monday, Sep 14, 2020 - 08:29 PM (IST)

ਚੰਡੀਗੜ੍ਹ- ਸੂਬੇ 'ਚ ਕੋਵਿਡ ਕੇਸਾਂ ਅਤੇ ਮੌਤ ਦਰ ਵਿੱਚ ਵਾਧੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੈਡੀਕਲ ਆਕਸੀਜਨ ਦਾ ਪੰਜਾਬ 'ਚ ਹੀ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਮੈਡੀਕਲ ਆਕਸੀਜਨ ਦੀ ਮੌਜੂਦਾ ਸਪਲਾਈ ਨੂੰ ਵਧਾਉਣ ਲਈ ਇਸ ਦਾ ਉਤਪਾਦਨ ਆਪਣੇ ਪੱਧਰ 'ਤੇ ਕਰਨ ਲਈ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਭਵਿੱਖੀ ਸੰਕਟ ਦੇ ਟਾਕਰੇ ਲਈ ਇਸ ਅਤਿ ਜ਼ਰੂਰੀ ਵਸਤ ਦੀ ਕੋਈ ਕਮੀ ਨਾ ਰਹੇ।
ਪੰਜਾਬ ਜਿਹੜਾ ਆਪਣੇ ਗੁਆਂਢੀ ਇਲਾਕਿਆਂ ਤੋਂ ਇਸ ਮੈਡੀਕਲ ਆਕਸੀਜਨ ਦੀ ਖਰੀਦ ਕਰ ਰਿਹਾ ਹੈ, ਨੇ ਹੁਣ ਫੈਸਲਾ ਕੀਤਾ ਹੈ ਕਿ ਸੂਬੇ ਵਿੱਚ ਕੋਵਿਡ ਕੇਸਾਂ ਦੇ ਵਧਦੀ ਗਿਣਤੀ ਦੇ ਚੱਲਦਿਆਂ ਕਿਸੇ ਕਮੀ ਨਾਲ ਨਜਿੱਠਣ ਲਈ ਮੈਡੀਕਲ ਆਕਸੀਜਨ ਦਾ ਉਤਪਾਦਨ
ਸੂਬੇ ਅੰਦਰ ਹੀ ਕਰੇ। ਹੁਣ ਤੱਕ ਪੰਜਾਬ ਮੈਡੀਕਲ ਆਕਸੀਜਨ ਦੀ ਖਰੀਦ ਉਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਸਣੇ ਦੂਜੇ ਸੂਬਿਆਂ ਤੋਂ ਕਰ ਰਿਹਾ ਹੈ। ਹੁਣ ਜਦੋਂ ਕਿ ਕੇਸਾਂ ਦੇ ਨਿਰੰਤਰ ਵਾਧੇ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਆਕਸੀਜਨ ਦੀ ਕਮੀ ਦੀਆਂ ਰਿਪੋਰਟਾਂ ਆਈਆ ਹਨ ਤਾਂ ਮੁੱਖ ਮੰਤਰੀ ਨੇ ਵਾਧੂ ਸਪਲਾਈ ਪੈਦਾ ਕਰਨ ਲਈ ਇਸ ਦੇ ਆਪਣੇ ਸੂਬੇ ਅੰਦਰ ਹੀ ਨਿਰਮਾਣ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਇਸ ਫੈਸਲੇ ਦੀ ਦਿਸ਼ਾ ਵਿੱਚ ਸਿਹਤ ਵਿਭਾਗ ਨੇ ਹੁਣ ਤੱਕ ਪੰਜਾਬ ਵਿੱਚ ਮੈਡੀਕਲ ਆਕਸੀਜਨ ਦੇ ਨਿਰਮਾਣ ਲਈ ਇਕ ਸਨਅਤੀ ਆਕਸੀਜਨ ਸਪਲਾਇਰ ਨੂੰ ਲਾਇਸੈਂਸ ਵੀ ਦੇ ਦਿੱਤਾ ਜਦੋਂ ਕਿ ਛੇ ਪੈਕਿੰਗ ਯੂਨਿਟਾਂ ਨੂੰ ਮੈਡੀਕਲ ਵਰਤੋਂ ਲਈ ਆਕਸੀਜਨ ਪੈਕ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਸੂਬੇ ਅੰਦਰ ਹੀ ਹੁਣ ਰੋਜ਼ਾਨਾ 800 ਮੈਡੀਕਲ ਆਕਸੀਜਨ ਸਿਲੰਡਰਾਂ ਦੇ ਉਤਪਾਦ ਅਤੇ 2000 ਯੂਨਿਟਾਂ ਦੀ ਪੈਕਿੰਗ ਦੀ ਸਮਰੱਥਾ ਹੋ ਗਈ। ਸਰਕਾਰ ਨੂੰ ਆਸ ਹੈ ਕਿ ਪਹਿਲਾਂ ਤੋਂ ਹੀ ਦੂਜੇ ਸੂਬਿਆਂ ਤੋਂ ਕੀਤੀ ਖਰੀਦ ਦੇ ਨਾਲ ਆਉਣ ਵਾਲੇ ਹਫਤਿਆਂ ਵਿੱਚ ਮੰਗ ਵਿੱਚ ਕਿਸੇ ਵੀ ਤਰਾਂ ਹੋਣ ਦੀ ਸਥਿਤੀ ਨਾਲ ਨਜਿੱਠਣ ਵਿੱਚ ਮੱਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਕੇਸਾਂ ਵਿੱਚ ਵਾਧੇ ਦੇ ਚੱਲਦਿਆਂ ਸੂਬਾ ਸਰਕਾਰ ਨੇ ਮੈਡੀਕਲ ਆਕਸੀਜਨ ਦੀ ਮੰਗ ਤੇ ਸਪਲਾਈ ਉਤੇ ਨਿਗਰਾਨੀ ਰੱਖਣ ਲਈ ਨੋਡਲ ਅਫਸਰ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਹੈ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਅੰਦਰ ਨਿਰਮਾਣ ਅਤੇ ਪੈਕਿੰਗ ਨੂੰ ਹੋਰ ਵਧਾਉਣਾ ਯਕੀਨੀ ਬਣਾਇਆ ਜਾਵੇ। ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੂਬੇ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦੀ ਕੋਈ ਕਮੀ ਨਾ ਆਵੇ।

ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਵੇਲੇ ਸੂਬੇ ਕੋਲ ਆਕਸੀਜਨ ਦੀ ਢੁੱਕਵੀਂ ਸਪਲਾਈ ਮੌਜੂਦ ਹੈ ਤਾਂ ਜੋ ਕੋਵਿਡ ਦੇ ਵਧ ਰਹੇ ਕੇਸਾਂ ਨਾਲ ਮੰਗ ਦੇ ਵਾਧੇ ਦੀ ਪੂਰਤੀ ਕੀਤੀ ਜਾ ਸਕੇ। ਉਨਾਂ ਨੂੰ ਅੱਗੇ ਦੱਸਿਆ ਗਿਆ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 6653 ਕੋਵਿਡ ਮਰੀਜ਼ ਦਾਖਲ ਹੋਏ ਜਿਨਾਂ ਵਿੱਚੋਂ 5269 ਵਿਅਕਤੀ ਸਿਹਤਯਾਬ ਹੋ ਗਏ ਅਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ ਜਦਕਿ 550 ਵਿਅਕਤੀ ਅਜੇ ਇਲਾਜ ਅਧੀਨ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ, ਆਈ.ਸੀ.ਐਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 10 ਦਿਨਾਂ ਛੁੱਟੀ ਦੀ ਨੀਤੀ ਨੂੰ ਅਪਣਾ ਰਿਹਾ ਹੈ। ਜੇਕਰ ਦਾਖਲ ਮਰੀਜ਼ ਵਿੱਚ ਅਖੀਰਲੇ ਤਿੰਨ ਦਿਨ ਲੱਛਣ ਨਹੀਂ ਰਹਿੰਦੇ ਤਾਂ ਲੈਵਲ-1 ਦੇ ਕਿਸੇ ਵੀ ਪਾਜ਼ੇਟਿਵ ਮਰੀਜ਼ ਨੂੰ 10ਵੇਂ ਦਿਨ ਛੁੱਟੀ ਦਿੱਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਕੇਸਾਂ ਦੀ ਵਧ ਰਹੀ ਗਿਣਤੀ ਨਾਲ ਨਿਪਟਣ ਲਈ ਮੈਡੀਕਲ ਕਾਲਜ, ਫਰੀਦਕੋਟ ਵਿੱਚ 50 ਹੋਰ ਬੈੱਡ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਏਮਜ਼ ਦੇ ਦਿਲ ਦੇ ਰੋਗਾਂ ਦੇ ਮਾਹਿਰ ਪ੍ਰੋਫੈਸਰ ਅੰਬੁਜ ਰੌਏ, ਜੋ ਪੰਜਾਬ ਵਿੱਚ ਹੋਈਆਂ ਮੌਤ ਦਰ ਦੇ ਅੰਕੜਿਆਂ ਦਾ ਅਧਿਐਨ ਕਰ ਰਹੇ ਹਨ, ਨੇ ਕਿਹਾ ਕਿ ਵਾਇਰਸ ਵਿੱਚ ਪਰਿਵਾਰਨ ਆਉਣ ਦੀ ਸੰਭਾਵਨਾ ਦੀ ਘੋਖ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਸਿਹਤ ਮਾਹਿਰਾਂ ਦੇ ਸਮੂਹ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਪੈਨਲ ਵੱਲੋਂ ਸੈਂਪਲ ਇਮਟੈੱਕ ਨੂੰ ਭੇਜੇ ਜਾਣਗੇ ਤਾਂ ਕਿ ਵਾਇਰਸ ਦੇ ਰੂਪ ਦੀ ਜਾਂਚ ਕੀਤੀ ਜਾ ਸਕੇ ਅਤੇ ਇਹ ਪਤਾ ਲਾਇਆ ਜਾ ਸਕੇ ਇਸ ਤੋਂ ਪਹਿਲਾਂ ਭੇਜੇ ਸੈਂਪਲਾਂ ਦੇ ਮੁਕਾਬਲੇ ਬੀਤੇ ਇਕ ਮਹੀਨੇ ਵਿੱਚ ਕੋਈ ਪਰਿਵਰਤਨ ਆਇਆ ਹੈ।


Deepak Kumar

Content Editor

Related News