ਮੁੱਖ ਮੰਤਰੀ ਦੀ ਹਦਾਇਤ ''ਤੇ ਵੱਖ-ਵੱਖ ਵਿਭਾਗਾਂ ਨੂੰ 431.74 ਕਰੋੜ ਰੁਪਏ ਜਾਰੀ

Tuesday, Jan 28, 2020 - 09:34 PM (IST)

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਤ ਵਿਭਾਗ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੀਆਂ ਗ੍ਰਾਂਟਾਂ, ਸਕੂਲ ਸਿੱਖਿਆ ਦੇ ਫੰਡਾਂ, ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਫੰਡ ਤੇ ਮੋਹਾਲੀ ਵਿਖੇ ਉਦਯੋਗਾਂ ਦੀ ਪੂੰਜੀ ਸਬਸਿਡੀ ਵਾਸਤੇ 431.74 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 431.74 ਕਰੋੜ ਰੁਪਏ 'ਚੋਂ 290.82 ਕਰੋੜ ਰੁਪਏ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਅਧੀਨ ਗ੍ਰਾਂਟਾਂ ਵਜੋਂ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ 84.19 ਕਰੋੜ ਰੁਪਏ ਸਕੂਲ ਸਿੱਖਿਆ ਵਿਭਾਗ ਨੂੰ ਵਿਕਾਸ ਅਤੇ ਬੁਨਿਆਦੀ ਢਾਂਚਾ ਕਾਰਜਾਂ ਲਈ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚ ਸਰਵ ਸਿੱਖਿਆ ਅਭਿਆਨ ਤਹਿਤ 49.78 ਕਰੋੜ ਰੁਪਏ, ਸਮਾਰਟ ਸਕੂਲਾਂ ਲਈ 17.78 ਕਰੋੜ ਰੁਪਏ ਤੋਂ ਇਲਾਵਾ ਨਾਬਾਰਡ ਤਹਿਤ ਵਿਭਾਗ ਦੇ ਹੋਰ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ 16.63 ਕਰੋੜ ਰੁਪਏ ਸ਼ਾਮਲ ਹਨ। ਇਸੇ ਤਰ੍ਹਾਂ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਵਿਭਾਗ ਨੂੰ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ 55 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਆਪਣੇ ਪਹਿਲੇ ਹੁਕਮਾਂ ਨੂੰ ਦੁਹਰਾਉਂਦਿਆਂ ਸਮੂਹ ਵਿਭਾਗ ਨੂੰ ਵਾਧੂ ਖਰਚੇ ਘਟਾਉਣ ਅਤੇ ਹੋਰ ਵਸੀਲੇ ਜੁਟਾਉਣ ਲਈ ਆਖਿਆ ਤਾਂ ਕਿ ਸੂਬੇ ਦੀ ਵਿੱਤੀ ਸਥਿਤੀ ਨੂੰ ਹੋਰ ਵਧੇਰੇ ਸਥਿਰ ਬਣਾਇਆ ਜਾ ਸਕੇ।


Related News