''ਕੈਪਟਨ ਵਲੋਂ ਦਿੱਲੀ ਨੂੰ ਵਧਦੇ ਕੋਵਿਡ ਸੰਕਟ ਦਰਮਿਆਨ ਮਦਦ ਦੀ ਪੇਸ਼ਕਸ਼''
Saturday, Nov 21, 2020 - 10:56 PM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਖਿਲਾਫ਼ ਪੂਰੀ ਤਰ੍ਹਾਂ ਤਿਆਰ ਹੋਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨੇ ਦਿੱਲੀ ਨੂੰ ਵੱਡੇ ਪੈਮਾਨੇ 'ਤੇ ਵਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਵਿਚ ਹਰ ਸੰਭਵ ਮਦਦ ਕਰਨ ਦੀ ਪੇਸ਼ਕਸ ਕੀਤੀ ਅਤੇ ਸੂਬੇ ਅੰਦਰ ਮਹਾਮਾਰੀ ਦੀ ਰੋਕਥਾਮ ਵਿਚ ਮਿਸਾਲੀ ਕੰਮ ਕਰ ਰਹੇ ਪੰਜਾਬ ਦੇ ਕੋਵਿਡ ਯੋਧਿਆਂ ਦੀ ਦਿਲੋਂ ਸ਼ਲਾਘਾ ਕੀਤੀ। ਸ਼ਨੀਵਾਰ ਨੂੰ '107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ' ਦਾ ਡਿਜੀਟਲ ਮੰਚ ਤੋਂ ਆਗਾਜ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਖ਼ਤ ਲੜਾਈ ਲੜ ਰਹੀ ਹੈ ਤੇ ਲੋੜ ਪੈਣ 'ਤੇ ਪੰਜਾਬ ਹਰ ਸਹਾਇਤਾ ਲਈ ਪੂਰੀ ਤਰ੍ਹਾਂ ਤਤਪਰ ਹੈ। ਮੁੱਖ ਮੰਤਰੀ ਨੇ ਜਦ ਤਕ ਦਵਾਈ ਨਹੀਂ ਆ ਜਾਂਦੀ 'ਮਾਸਕ ਹੀ ਦਵਾਈ ਹੈ' ਨੂੰ 'ਮਿਸ਼ਨ ਫ਼ਤਹਿ' ਦੇ ਸੰਕਲਪ ਦੇ ਤੌਰ 'ਤੇ ਐਲਾਨਿਆ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਮੁੱਖ ਮੰਤਰੀ ਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਯਤਨਾਂ ਨੂੰ ਸ਼ਲਾਘਾਯੋਗ ਦੱਸਿਆ, ਜਿਨ੍ਹਾਂ ਨੇ ਸਿਰਫ਼ 3 ਸਾਲਾਂ ਵਿਚ ਹੀ ਇਨ੍ਹਾਂ ਸਿਹਤ ਕੇਂਦਰਾਂ ਦੀ ਕਾਮਯਾਬੀ ਦੀ ਕਹਾਣੀ ਦੀ ਸਿਰਜਣਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਹੈਲਥ ਤੇ ਵੈੱਲਨੈੱਸ ਕੇਂਦਰ ਕੋਵਿਡ ਮਹਾਮਾਰੀ ਦਰਮਿਆਨ ਸੂਬੇ ਦੇ ਸਿਹਤ ਢਾਂਚੇ ਨੂੰ ਯੋਗਤਾ ਪੱਖੋਂ ਨਵੀਂ ਉਚਾਈ 'ਤੇ ਪਹੁੰਚਾਉਣਗੇ। ਇਹ ਕੇਂਦਰ ਸਮੁੱਚੇ ਸੂਬੇ ਅੰਦਰ ਲੋਕਾਂ ਤਕ ਵੱਡੇ ਪੈਮਾਨੇ 'ਤੇ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਵਿਚ ਸੂਬਾ ਸਰਕਾਰ ਦੀ ਬਹੁਪੱਖੀ ਤੇ ਦੂਰਗਾਮੀ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਖੋਲ੍ਹੇ ਜਾਣ ਵਾਲੇ 3049 ਕੇਂਦਰਾਂ ਵਿਚੋਂ ਹੁਣ ਤਕ 2046 ਹੁਣ ਕਾਰਜਸ਼ੀਲ ਹੋ ਚੁੱਕੇ ਹਨ ਅਤੇ ਹੋਰ 800 ਆਉਂਦੇ ਦੋ ਮਹੀਨਿਆਂ ਵਿਚ ਚਾਲੂ ਹੋ ਜਾਣਗੇ ਅਤੇ ਬਾਕੀ ਰਹਿੰਦੇ 2021 ਵਿਚ ਚਾਲੂ ਹੋ ਜਾਣਗੇ।
ਇਹ ਵੀ ਪੜ੍ਹੋ : ਟਰੇਨਾਂ ਸ਼ੁਰੂ ਹੋਣ 'ਚ ਨਵਾਂ ਅੜਿੱਕਾ, 30 ਜਥੇਬੰਦੀਆਂ ਤੋਂ ਅੱਡ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੜਾਅਵਾਰ ਸਾਰੇ ਸਬ-ਕੇਂਦਰਾਂ ਨੂੰ ਹੈਲਥ ਤੇ ਵੈੱਲਨੈੱਸ ਕੇਂਦਰਾਂ ਵਿਚ ਤਬਦੀਲ ਕਰੇਗੀ। ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਨਵੇਂ ਕੇਂਦਰਾਂ ਦਾ ਆਗਾਜ਼ ਵਿਭਾਗ ਲਈ ਇਤਿਹਾਸਕ ਦਿਨ ਹੈ। ਮੁੱਖ ਸਕੱਤਰ ਵਿਨੀ ਮਹਾਜਨ ਵਲੋਂ ਵਧੀਆ ਰਿਕਵਰੀ ਦਰ ਵਾਲੇ ਸੂਬੇ ਪੰਜਾਬ ਅੰਦਰ ਕੋਵਿਡ ਦੀ ਰੋਕਥਾਮ ਲਈ ਸਖਤ ਮਿਹਨਤ ਕਰਨ ਵਾਲੇ ਹੈਲਥ ਤੇ ਮੈਡੀਕਲ ਸਿੱਖਿਆ ਸਟਾਫ ਨੂੰ ਵਧਾਈ ਦਿੱਤੀ ਗਈ ਪਰ ਨਾਲ ਹੀ ਉੱਚੀ ਮੌਤ ਦਰ, ਜੋ ਕਿ ਹੋਰ ਜਟਿਲ ਸਿਹਤ ਸਮੱਸਿਆਵਾਂ ਕਰਕੇ ਹੈ, ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਵੀ ਤਰ੍ਹਾਂ ਅਵੇਸਲੇ ਨਾ ਹੋਣ ਲਈ ਸੁਚੇਤ ਕੀਤਾ ਗਿਆ।