ਕੈਪਟਨ ਦਿੱਲੀ ''ਚ ਕੇਂਦਰੀ ਮੰਤਰੀਆਂ ਨਾਲ ਕਰਨਗੇ ਮੁਲਾਕਾਤ
Tuesday, Oct 03, 2017 - 06:37 AM (IST)

ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਰਵਾਨਾ ਹੋ ਗਏ ਹਨ, ਜਿਥੇ ਉਨ੍ਹਾਂ ਦਾ ਅਗਲੇ ਤਿੰਨ ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਬੁੱਧਵਾਰ ਸ਼ਾਮ ਨੂੰ ਜਾਂ ਵੀਰਵਾਰ ਸਵੇਰੇ ਹੀ ਮੁੱਖ ਮੰਤਰੀ ਚੰਡੀਗੜ੍ਹ ਪਰਤਣਗੇ। ਦੱਸਿਆ ਜਾਂਦਾ ਹੈ ਕਿ ਦਿੱਲੀ ਵਿਚ ਕੇਂਦਰ ਸਰਕਾਰ ਵੱਲੋਂ ਆਯੋਜਿਤ ਇਕ ਬੈਠਕ ਵਿਚ ਵੀ ਮੁੱਖ ਮੰਤਰੀ ਦਾ ਹਿੱਸਾ ਲੈਣ ਦਾ ਪ੍ਰੋਗਰਾਮ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁਰਦਾਸਪੁਰ ਉਪ ਚੋਣ ਵਿਚ ਹਿੱਸਾ ਲੈਣ ਬਾਰੇ ਪ੍ਰੋਗਰਾਮ ਨੂੰ ਅਜੇ ਪੂਰੀ ਤਰ੍ਹਾਂ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਇੰਨਾ ਤੈਅ ਹੈ ਕਿ ਉਹ 9 ਅਕਤੂਬਰ ਨੂੰ ਚੋਣ ਪ੍ਰਚਾਰ ਰੁਕਣ ਵੇਲੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿਚ ਪ੍ਰਚਾਰ ਲਈ ਗੁਰਦਾਸਪੁਰ ਜ਼ਰੂਰ ਜਾ ਰਹੇ ਹਨ। ਕਾਂਗਰਸੀਆਂ ਦੀ ਕੋਸ਼ਿਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਰੁਕਣ ਤੋਂ ਪਹਿਲਾਂ ਇਕ ਦਿਨ ਹੋਰ ਗੁਰਦਾਸਪੁਰ ਬੁਲਾਇਆ ਜਾਵੇ। ਇਸ ਬਾਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਅਗਲੇ ਇਕ-ਦੋ ਦਿਨਾਂ ਵਿਚ ਦੇ ਦਿੱਤਾ ਜਾਵੇਗਾ। ਕੈਪਟਨ ਨੇ ਪਹਿਲਾਂ ਹੀ ਸਮੁੱਚੇ ਮੰਤਰੀਆਂ ਨੂੰ ਗੁਰਦਾਸਪੁਰ ਵਿਚ ਤਾਇਨਾਤ ਕਰ ਦਿੱਤਾ ਹੈ। ਮੁੱਖ ਮੰਤਰੀ ਭਾਵੇਂ ਗੁਰਦਾਸਪੁਰ ਤੋਂ ਦੂਰ ਹਨ ਪਰ ਕੈਪਟਨ ਸੰਦੀਪ ਵੱਲੋਂ ਲਗਾਤਾਰ ਉਨ੍ਹਾਂ ਨੂੰ ਪਾਰਟੀ ਬਾਰੇ ਰਿਪੋਰਟ ਭੇਜੀ ਜਾ ਰਹੀ ਹੈ।
ਅਕਤੂਬਰ ਮਹੀਨੇ ਵਿਚ ਹੁਣ ਝੋਨੇ ਦੀ ਖਰੀਦ ਦਾ ਸਮਾਂ ਵੀ ਨੇੜੇ ਆ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਦੇ ਵੇਲੇ ਹੋਏ 31 ਹਜ਼ਾਰ ਕਰੋੜ ਰੁਪਏ ਦੇ ਖੁਰਾਕ ਘਪਲੇ ਨੂੰ ਵੀ ਲੈ ਕੇ ਅਜੇ ਕੇਂਦਰ ਸਰਕਾਰ ਦੇ ਪੱਧਰ 'ਤੇ ਫੈਸਲਾ ਹੋਣਾ ਬਾਕੀ ਹੈ। ਇਸੇ ਤਰ੍ਹਾਂ ਪੰਜਾਬ ਨੂੰ ਜੀ. ਐੱਸ. ਟੀ. ਤੋਂ ਮਿਲਣ ਵਾਲੇ ਹਿੱਸੇ ਦੀ ਰਕਮ ਵੀ ਅਜੇ ਤੱਕ ਕੇਂਦਰ ਵੱਲੋਂ ਰਿਲੀਜ਼ ਨਹੀਂ ਕੀਤੀ ਗਈ।
ਸ਼ਾਇਦ ਮੁੱਖ ਮੰਤਰੀ ਵੱਲੋਂ ਇਹ ਮਸਲੇ ਵੀ ਕੇਂਦਰ ਸਰਕਾਰ ਦੇ ਧਿਆਨ ਵਿਚ ਦਿੱਲੀ ਦੌਰੇ ਦੌਰਾਨ ਲਿਆਂਦੇ ਜਾਣਗੇ। ਜੀ. ਐੱਸ. ਟੀ. ਦਾ ਪੰਜਾਬ ਨੂੰ ਬਣਦਾ 800 ਕਰੋੜ ਦਾ ਹਿੱਸਾ ਨਾ ਆਉਣ ਕਾਰਨ ਹੀ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਮੁਸ਼ਕਲਾਂ ਆਈਆਂ ਹਨ।