ਕੈਪਟਨ ਕਰਨਗੇ 2 ਦਿਨਾਂ ''ਚ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਐਲਾਨ : ਸੁੰਦਰ ਸ਼ਾਮ ਅਰੋੜਾ

Friday, Oct 30, 2020 - 05:37 PM (IST)

ਜਲੰਧਰ (ਚੋਪੜਾ) : ਮੁੱਖ ਮੰਤਰੀ ਅਮਰਿੰਦਰ ਸਿੰਘ ਸੀ-ਫਾਰਮ ਦੇ ਨੋਟਿਸ ਦੇ ਮਸਲੇ ਸਬੰਧੀ ਪੰਜਾਬ ਦੀ ਇੰਡਸਟਰੀ ਨੂੰ ਵੱਡੀ ਰਾਹਤ ਦੇਣ ਲਈ ਅਗਲੇ 2 ਦਿਨਾਂ ਵਿਚ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਐਲਾਨ ਕਰਨਗੇ। ਉਕਤ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਅਰੋੜਾ ਨੇ ਕਿਹਾ ਕਿ ਸਬੰਧਤ ਮਹਿਕਮਿਆਂ ਵੱਲੋਂ ਪਾਲਿਸੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪਾਲਿਸੀ ਆਉਣ ਤੋਂ ਬਾਅਦ ਸੂਬੇ 'ਚ 70,000 ਉੱਦਮੀਆਂ ਨੂੰ ਪਿਛਲੇ ਸਾਲਾਂ ਦੇ ਸੀ-ਫਾਰਮ ਜਮ੍ਹਾ ਕਰਵਾਉਣ ਲਈ ਭੇਜੇ ਨੋਟਿਸਾਂ ਦੇ ਮਾਮਲੇ ਦਾ ਹੱਲ ਹੋ ਸਕੇਗਾ। ਮਾਲਗੱਡੀਆਂ ਦੀ ਆਵਾਜਾਈ ਰੁਕਣ ਨਾਲ ਪੰਜਾਬ ਦੀ ਇੰਡਸਟਰੀ ਦਾ 2000 ਕਰੋੜ ਦਾ ਤਿਆਰ ਮਾਲ ਫਸਿਆ ਹੋਇਆ ਹੈ, ਜਿਹੜਾ ਦੇਸ਼-ਵਿਦੇਸ਼ 'ਚ ਭੇਜਿਆ ਜਾਣਾ ਹੈ। ਪੰਜਾਬ ਵਿਚ ਕਰੀਬ 500 ਕਰੋੜ ਰੁਪਏ ਦਾ ਦਰਾਮਦ ਮਾਲ ਨਹੀਂ ਆ ਰਿਹਾ, ਜਿਸ ਕਾਰਣ ਰੇਟ ਵਧ ਰਹੇ ਹਨ। ਪਹਿਲਾਂ ਮਾਲਗੱਡੀਆਂ ਦੇ ਰੈਕ ਲੁਧਿਆਣਾ ਉਤਰਨੇ ਸਨ ਪਰ ਹੁਣ ਫਰੀਦਾਬਾਦ ਲੱਗ ਰਹੇ ਹਨ, ਜਿਸ ਨਾਲ ਇੰਡਸਟਰੀ ਨੂੰ ਫਰੀਦਾਬਾਦ ਤੋਂ ਮਾਲ ਲਿਆਉਣ 'ਤੇ 1500 ਰੁਪਏ ਪ੍ਰਤੀ ਟਨ ਜ਼ਿਆਦਾ ਲਾਗਤ ਆ ਰਹੀ ਹੈ। ਉਦਯੋਗ ਮੰਤਰੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਸੜਕਾਂ 'ਤੇ ਹਨ ਅਤੇ ਇੰਡਸਟਰੀ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਆਰਥਿਕ ਢਾਂਚੇ, ਕਿਸਾਨੀ ਅਤੇ ਜਵਾਨੀ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ 'ਤੇ ਤਾਲੇ ਲੱਗ ਜਾਣਗੇ

ਕਿਸਾਨਾਂ ਨੇ 5 ਨਵੰਬਰ ਤਕ ਰੇਲਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਸੀ ਪਰ ਕੇਂਦਰ ਨੇ ਜਾਣਬੁੱਝ ਕੇ ਮਾਲਗੱਡੀਆਂ ਬੰਦ ਕਰ ਦਿੱਤੀਆਂ। ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਨਾਲ ਭੇਦਭਾਵ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪਿਊਸ਼ ਗੋਇਲ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅੱਜ 97 ਮਾਲਗੱਡੀਆਂ ਨੂੰ ਪੰਜਾਬ ਵਿਚ ਚਲਾਉਣ ਦੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਕਹਿੰਦੇ ਹਨ ਕਿ ਐੱਮ. ਐੱਸ. ਪੀ. ਖ਼ਤਮ ਨਹੀਂ ਹੋਵੇਗੀ। ਜੇਕਰ ਅਜਿਹਾ ਹੈ ਤਾਂ ਕੇਂਦਰ ਸਰਕਾਰ ਬਿੱਲਾਂ ਵਿਚ ਸੋਧ ਕਿਉਂ ਨਹੀਂ ਕਰ ਰਹੀ? ਉਨ੍ਹਾਂ ਪੰਜਾਬ ਦੀ ਇੰਡਸਟਰੀ ਨੂੰ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਿਦਆਂ ਕਿਹਾ ਕਿ ਸਰਕਾਰ ਇੰਡਸਟਰੀ ਦੀ ਉੱਨਤੀ ਲਈ ਚੱਟਾਨ ਵਾਂਗ ਖੜ੍ਹੀ ਹੈ। ਕੈਪਟਨ ਸਰਕਾਰ ਪੰਜਾਬੀਆਂ ਦੇ ਹਿੱਤ 'ਚ ਕੰਮ ਕਰ ਰਹੀ ਹੈ, ਜਦਕਿ ਅਕਾਲੀ ਦਲ ਤੇ 'ਆਪ' ਨੇ ਪਹਿਲਾਂ ਬਿੱਲ ਦਾ ਸਮਰਥਨ ਕੀਤਾ, ਰਾਜਪਾਲ ਕੋਲ ਵੀ ਗਏ ਪਰ ਹੁਣ ਇਸ ਮਾਮਲੇ ਵਿਚ ਦੋਵੇਂ ਪਾਰਟੀਆਂ ਦੋਹਰੇ ਮਾਪਦੰਡ ਅਪਣਾ ਰਹੀਆਂ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਬਹੁਤ ਬੁਰਾ ਸਮਾਂ ਚੱਲ ਰਿਹਾ ਹੈ, ਇਸ ਲਈ ਅਜਿਹੇ ਮੌਕੇ 'ਤੇ ਰਾਜਨੀਤੀ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ : ਨੌਜਵਾਨ ਦੀ ਹੋਈ ਅਚਾਨਕ ਮੌਤ ਕਾਰਨ ਟੁੱਟਿਆ ਪਰਿਵਾਰ, 15 ਨਵੰਬਰ ਨੂੰ ਮਿੱਥਿਆ ਸੀ ਵਿਆਹ


Anuradha

Content Editor

Related News