ਕੈਪਟਨ 4 ਘੰਟਿਆਂ ਦੀ ਕਰਫਿਊ ਛੋਟ ''ਤੇ ਮੁੜ ਵਿਚਾਰ ਕਰਨ : ਪੀਰ ਮੁਹੰਮਦ
Friday, May 01, 2020 - 08:33 PM (IST)
ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਇਸ ਸਮੇਂ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਬੇਵੱਸ ਹਨ, ਇਸ ਲਈ ਸਾਨੂੰ ਸਭ ਨੂੰ ਸਿਆਣੇ ਬਣ ਕੇ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ 4 ਘੰਟਿਆਂ ਦੀ ਕਰਫਿਊ ਢਿੱਲ 'ਤੇ ਮੁੜ ਵਿਚਾਰ ਕਰਨ ਕਿਉਂਕਿ ਇਹ ਪੰਜਾਬ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
ਪੀਰ ਮੁਹੰਮਦ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਸਮਝਣ ਲਈ ਤੱਥ ਸਾਹਮਣੇ ਹਨ। ਮੇਰੀ ਨਿੱਜੀ ਰਾਏ ਹੈ ਕਿ ਕੋਰੋਨਾ ਜਿਥੇ ਵਿਸ਼ਵ ਪੱਧਰ 'ਤੇ ਕਹਿਰ ਢਾਹ ਰਿਹਾ ਹੈ, ਉਥੇ ਹੀ ਸਾਨੂੰ ਇਸ ਭਿਆਨਕ ਬਿਮਾਰੀ ਤੋਂ ਆਪਣਾ, ਆਪਣਿਆਂ ਦਾ ਅਤੇ ਸਮਾਜ ਦਾ ਬਚਾਅ ਕਰਨ ਲਈ ਪੂਰੀ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਣੇ ਪੈਣਗੇ । ਸਰਕਾਰਾਂ ਆਪਣੇ ਪੱਧਰ 'ਤੇ ਕੁੱਲ ਆਬਾਦੀ ਨੂੰ ਘਰਾਂ 'ਚ ਡੱਕਣ ਤੱਕ ਦੇ ਫਾਰਮੂਲੇ 'ਤੇ ਕੰਮ ਕਰ ਰਹੀਆ ਹਨ। ਆਬਾਦੀ ਦੇ ਲਿਹਾਜ਼ ਨਾਲ ਉਨ੍ਹਾਂ ਪਾਸ ਵੀ ਇਕ ਮਿਲੀਅਨ ਆਬਾਦੀ ਪਿੱਛੇ ਸਿਰਫ਼ ਇਕ ਹਜ਼ਾਰ ਮੈਡੀਕਲ ਕਰਮਚਾਰੀ ਹਨ ।ਇਸ ਲਈ ਸਾਨੂੰ ਸਭ ਨੂੰ ਇਸ ਔਖੀ ਘੜੀ 'ਚ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ।
ਕਰਫਿਊ ਦੌਰਾਨ 4 ਘੰਟਿਆਂ ਦੀ ਦਿੱਤੀ ਛੋਟ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸੂਬੇ ਅੰਦਰ 2 ਹਫਤਿਆਂ ਲਈ ਕਰਫਿਊ/ਲਾਕਡਾਊਨ ਵਧਾ ਦਿੱਤਾ ਗਿਆ ਸੀ। ਹਾਲਾਂਕਿ ਇਸ ਦੌਰਾਨ ਕੈਪਟਨ ਵਲੋਂ ਦੁਕਾਨਦਾਰਾਂ ਸਮੇਤ ਲੋਕਾਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਹੈ। ਇਸ ਕਰਫਿਊ ਦੌਰਾਨ ਰੋਜ਼ਾਨਾ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ ਪਰ 11 ਵਜੇ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦ ਰਹਿਣਾ ਪਵੇਗਾ। ਇਸ ਤੋਂ ਇਲਾਵਾ ਕੈਪਟਨ ਵਲੋਂ ਉਨ੍ਹਾਂ ਇੰਡਸਟਰੀ ਨੂੰ ਵੀ ਰਾਹਤ ਦੇਣ ਦੀ ਗੱਲ ਕਹੀ ਗਈ ਸੀ, ਜਿਹੜੇ ਆਪਣੇ ਮਜ਼ਦੂਰਾਂ ਨੂੰ ਸੰਭਾਲ ਸਕਣ, ਸਮਾਜਿਕ ਦੂਰੀ ਦਾ ਪਾਲਣ ਕਰ ਸਕਣ ਅਤੇ ਉਨ੍ਹਾਂ ਦੀ ਲੇਬਰ ਉਨ੍ਹਾਂ ਦੇ ਨੇੜੇ-ਤੇੜੇ ਹੀ ਰਹੇ ਤਾਂ ਜੋ ਲੇਬਰ ਦਾ ਵੀ ਗੁਜ਼ਾਰਾ ਚੱਲ ਸਕੇ।