ਕੈਪਟਨ ਨੇ ਲੋਕਾਂ ਨੂੰ ਬਾਬਾ ਜੀ ਦੇ ਠੁੱਲੂ ਤੋਂ ਸਿਵਾਏ ਕੁੱਝ ਨਹੀਂ ਦਿੱਤਾ: ਸੁਖਬੀਰ
Tuesday, Apr 09, 2019 - 11:44 AM (IST)

ਫਿਲੌਰ (ਭਾਖੜੀ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨੂੰ ਗੁੰਮਰਾਹ ਕਰਨ ਲਈ ਸਭ ਤੋਂ ਵੱਡੀ ਬੇਅਦਬੀ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸੂਬੇ ਵਿਚ ਵਿਕਾਸ ਕਰਵਾਉਣ ਦੀ ਸਹੁੰ ਖਾਧੀ ਤੇ ਸੱਤਾ ਸੰਭਾਲਦੇ ਹੀ ਕੈਪਟਨ ਨੇ ਸੂਬੇ ਦੀ ਜਨਤਾ ਨੂੰ ਬਾਬਾ ਜੀ ਦਾ ਠੁੱਲੂ ਦਿਖਾਉਂਦੇ ਹੋਏ ਕਿਹਾ ਕਿ ਮੈਂ ਤਾਂ ਹੁਣ ਚੋਣ ਲੜਨੀ ਹੀ ਨਹੀਂ। ਉਕਤ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਚ ਵਿਧਾਇਕ ਬਲਦੇਵ ਖਹਿਰਾ ਵਲੋਂ ਰੱਖੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ।
ਬਾਦਲ ਨੇ ਕਿਹਾ ਕਿ ਕੈਪਟਨ ਦੇ ਵਿਧਾਇਕ ਤੇ ਮੰਤਰੀ ਸਾਰੇ ਸੱਤਾ 'ਚ ਆਉਂਦੇ ਹੀ ਰੇਤ ਤੇ ਸ਼ਰਾਬ ਮਾਫੀਆ ਦੇ ਨਾਜਾਇਜ਼ ਕੰਮਾਂ ਵਿਚ ਜੁਟ ਗਏ। ਉਨ੍ਹਾਂ ਕਿਹਾ ਕਿ ਕੈਪਟਨ ਹੁਣ ਤਕ ਦੇ ਸਭ ਤੋਂ ਨਾਲਾਇਕ ਸੀ. ਐੱਮ. ਹਨ ਜੋ ਕਿਤੇ ਆਉਂਦੇ ਜਾਂਦੇ ਹੀ ਨਹੀਂ। ਉਹ ਸੂਬੇ ਦਾ ਵਿਕਾਸ ਕੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਤੋਂ ਵੱਡਾ ਪਾਪੀ ਕੌਣ ਹੋ ਸਕਦਾ ਹੈ, ਜਿਸ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਵੱਡੇ-ਵੱਡੇ ਵਿਕਾਸ ਕਰਵਾਉਣ ਦੀਆਂ ਝੂਠੀਆਂ ਸਹੁੰਆਂ ਖਾ ਲਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲਦੀ ਸੀ, ਵੱਡੇ ਬਾਦਲ ਨੇ ਸ਼ੁਰੂ ਕਰਵਾਈ। ਸਾਨੂੰ ਦੇਖਦੇ ਹੋਏ ਚੌਧਰੀ ਦੇਵੀ ਲਾਲ ਨੇ ਹਰਿਆਣਾ ਵਿਚ ਸ਼ੁਰੂ ਕਰਵਾਈ। ਸ਼ਗਨ ਸਕੀਮ, ਆਟਾ-ਦਾਲ ਸਕੀਮ ਤੇ ਸਕੂਲੀ ਬੱਚਿਆਂ ਨੂੰ ਸਾਈਕਲ ਵੰਡਣ ਦੀ ਸਕੀਮ ਕੈਪਟਨ ਦੀ ਸਰਕਾਰ ਨੇ ਆਉਂਦੇ ਹੀ ਸਾਰੀਆਂ ਸਕੀਮਾਂ ਬੰਦ ਕਰਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਸਜ਼ਾ ਦਿਵਾਉਣ ਲਈ ਅਸੀਂ ਮੋਦੀ ਨੂੰ ਮਿਲੇ। ਮੋਦੀ ਸਰਕਾਰ ਨੇ ਸਿਟ ਬਿਠਾਈ ਜਿਸ ਦਾ ਨਤੀਜਾ ਇਹ ਹੋਇਆ ਅੱਜ ਸੱਜਣ ਕੁਮਾਰ ਜੇਲ ਵਿਚ ਹੈ ਤੇ 6 ਮਹੀਨੇ ਵਿਚ ਟਾਈਟਲਰ ਵੀ ਜੇਲ 'ਚ ਹੋਵੇਗਾ।
ਇਸ ਮੌਕੇ ਲੋਕ ਸਭਾ ਦੇ ਉਮੀਦਵਾਰ ਚਰਨਜੀਤ ਅਟਵਾਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਸਾਲ 2004 ਵਿਚ ਲੋਕ ਸਭਾ ਚੋਣਾਂ ਜਿੱਤ ਕੇ ਕੇਂਦਰ ਵਿਚ ਡਿਪਟੀ ਸਪੀਕਰ ਦੇ ਸਰਵੇ ਉੱਚ ਅਹੁਦੇ 'ਤੇ ਤਾਇਨਾਤ ਹੋਇਆ ਸੀ। ਉਸ ਦੌਰਾਨ ਮੈਂ ਕਈ ਵਾਰ ਰਾਹੁਲ ਗਾਂਧੀ ਨੂੰ ਮਿਲਿਆ। ਭਾਸ਼ਣਾਂ ਦੌਰਾਨ ਉਸ ਦੀ ਬਹਿਸ ਵੀ ਸੁਣੀ। ਉਸ ਵਿਚ ਪ੍ਰਧਾਨ ਮੰਤਰੀ ਬਣਨ ਦੀ ਕਾਬਲੀਅਤ ਹੀ ਨਹੀਂ ਹੈ। ਇਸ ਮੌਕੇ ਵਿਧਾਇਕ ਪਵਨ ਟੀਨੂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸੰਧੂ, ਬਾਬਾ ਸਰੂਪ ਸਿੰਘ, ਹਰਜਿੰਦਰ ਲੱਲੀਆਂ, ਜਤਿੰਦਰ ਨੂਰੇਵਾਲ, ਇੰਦਰ ਅਟਵਾਲ, ਅਮਰਜੀਤ ਸਿੰਘ ਅੰਮੀ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਮੌਜੂਦ ਸਨ।