ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ

Sunday, Jun 13, 2021 - 11:15 AM (IST)

ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ

ਜਲੰਧਰ (ਧਵਨ) : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਆਪਸ ’ਚ ਕੀਤੇ ਗਠਜੋੜ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਦਾ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਕੀ ਅਸਰ ਪੈ ਸਕਦਾ ਹੈ। ਕੈਪਟਨ ਨੇ ਇਸ ਗਠਜੋੜ ’ਤੇ ਕੋਈ ਟਵੀਟ ਨਹੀਂ ਕੀਤਾ। ਇਸ ਲਈ ਉਹ ਸਾਰੀਆਂ ਰਿਪੋਰਟਾਂ ’ਤੇ ਜ਼ਮੀਨੀ ਸਥਿਤੀ ਵੇਖਣ ਤੋਂ ਬਾਅਦ ਹੀ ਕੋਈ ਬਿਆਨਬਾਜ਼ੀ ਕਰਨਗੇ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਨੇ ਇਸ ਗਠਜੋੜ ’ਤੇ ਆਪਣੇ ਭਰੋਸੇਯੋਗਾਂ ਤੇ ਏਜੰਸੀਆਂ ਨਾਲ ਮੁੱਢਲੀ ਚਰਚਾ ਜ਼ਰੂਰ ਕੀਤੀ ਹੈ। ਉਹ ਇਸ ਗਠਜੋੜ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਨਹੀਂ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉੱਤਰ ਪ੍ਰਦੇਸ਼ ਵਿਚ ਇਸ ਵੇਲੇ ਬਸਪਾ ਦੀ ਹਾਲਤ ਚੰਗੀ ਨਹੀਂ। ਉੱਥੇ ਵੀ ਅਗਲੇ ਸਾਲ ਚੋਣਾਂ ਹੋਣੀਆਂ ਹਨ। ਮਾਇਆਵਤੀ ਦਾ ਪੂਰਾ ਧਿਆਨ ਉੱਤਰ ਪ੍ਰਦੇਸ਼ ਵੱਲ ਲੱਗਾ ਰਹੇਗਾ। ਉੱਥੇ ਜੇ ਬਸਪਾ ਮਜ਼ਬੂਤ ਸਥਿਤੀ ’ਚ ਹੁੰਦੀ ਤਾਂ ਹੀ ਉਸ ਦਾ ਜ਼ਿਆਦਾ ਅਸਰ ਪੰਜਾਬ ’ਤੇ ਪੈਣਾ ਹੈ। ਕੈਪਟਨ ਆਪਣਾ ਹੋਮਵਰਕ ਪੂਰਾ ਕਰਨ ’ਚ ਲੱਗੇ ਹੋਏ ਹਨ। ਸਿਆਸੀ ਤੌਰ ’ਤੇ ਉਹ ਆਉਣ ਵਾਲੇ ਦਿਨਾਂ ’ਚ ਇਸ ਗਠਜੋੜ ’ਤੇ ਤਗੜਾ ਸਿਆਸੀ ਹਮਲਾ ਕਰਨਗੇ। ਇਸ ਵੇਲੇ ਉਨ੍ਹਾਂ ਦਾ ਧਿਆਨ ਕਾਂਗਰਸੀ ਲੀਡਰਸ਼ਿਪ ਵਲੋਂ ਅਗਲੇ ਹਫਤੇ ਕੀਤੇ ਜਾਣ ਵਾਲੇ ਫੈਸਲੇ ’ਤੇ ਟਿਕਿਆ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਨੇ ਲਗਾਈ ਵੈਕਸੀਨ

ਕੈਪਟਨ ਇਹ ਵੀ ਮੁਲਾਂਕਣ ਕਰ ਰਹੇ ਹਨ ਕਿ ਇਸ ਗਠਜੋੜ ਵਿਚ ਬਸਪਾ ਨੂੰ ਕਈ ਅਹਿਮ ਸੀਟਾਂ ਅਕਾਲੀ ਦਲ ਨੇ ਨਹੀਂ ਦਿੱਤੀਆਂ। ਉਹ ਕਾਂਗਰਸ ਲਈ ਵਰਦਾਨ ਸਾਬਤ ਹੋਣਗੀਆਂ। ਕੈਪਟਨ ਨੂੰ ਜੋ ਮੁੱਢਲੀ ਰਿਪੋਰਟ ਮਿਲੀ ਹੈ, ਉਸ ਦੇ ਅਨੁਸਾਰ ਜਾਟ-ਸਿੱਖ ਵਲੋਂ ਆਪਣੀਆਂ ਵੋਟਾਂ ਬਸਪਾ ਉਮੀਦਵਾਰਾਂ ਦੇ ਪੱਖ ’ਚ ਟਰਾਂਸਫਰ ਕੀਤੇ ਜਾਣ ਦੇ ਆਸਾਰ ਘੱਟ ਹਨ। ਇਸ ਤੋਂ ਵੀ ਕਾਂਗਰਸ ਨੂੰ ਫਾਇਦਾ ਮਿਲ ਸਕਦਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 97 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗਾ ਜਦਕਿ ਬਸਪਾ ਪੰਜਾਬ ਦੀਆਂ 20 ਸੀਟਾਂ ’ਤੇ ਚੋਣ ਮੈਦਾਨ ਵਿਚ ਉਤਰੇਗੀ।

ਇਹ ਵੀ ਪੜ੍ਹੋ : ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News