ਸੁਖਬੀਰ ਅਤੇ ਕੈਪਟਨ ਨੇ ਰੱਜ ਕੇ ਲੁੱਟਿਆ ਸਰਕਾਰੀ ਖਜ਼ਾਨਾ : ਖਹਿਰਾ
Saturday, Dec 22, 2018 - 03:02 PM (IST)

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈ. ਅਮਿਰੰਦਰ ਸਿੰਘ ਵੀ ਅਕਾਲੀ-ਭਾਜਪਾ ਸੱਤਾ ਦੇ ਸਮੇਂ ਬਾਦਲਾਂ ਵਲੋਂ ਅਪਣਾਏ ਗਏ ਰਸਤੇ 'ਤੇ ਚੱਲ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚੰਡੀਗੜ੍ਹ ਨਜ਼ਦੀਕ ਸਿਸਵਾਂ-ਪੜੌਲ ਸਥਿਤ ਆਪਣੇ ਫਾਰਮ ਹਾਊਸ ਨੂੰ ਬਰਸਾਤੀ ਨਾਲੇ ਦੇ ਵਹਾਅ ਤੋਂ ਬਚਾਉਣ ਲਈ ਚੈੱਕਡੈਮ ਸਰਕਾਰੀ ਖਜ਼ਾਨੇ ਤੋਂ ਪੈਸਾ ਖਰਚ ਕਰ ਕੇ ਬਣਾਇਆ ਜਾ ਰਿਹਾ ਹੈ । ਨਾ ਸਿਰਫ ਸਰਕਾਰੀ ਪੈਸਾ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ, ਉਥੇ ਹੀ ਇਹ ਫਾਰੈਸਟ ਨਿਯਮਾਂ ਦੀ ਵੀ ਉਲੰਘਣਾ ਹੈ ਕਿਉਂਕਿ ਚੈੱਕ ਡੈਮ ਲਈ ਪੂਰੀ ਪਹਾੜੀ ਨੂੰ ਹੀ ਪੱਧਰਾ ਕਰ ਦਿੱਤਾ ਗਿਆ ਹੈ। 'ਆਪ' ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ ਕਿਉਂਕਿ ਇਸ ਮਾਮਲੇ 'ਚ ਕਨਫਲਿਕਟ ਆਫ ਇੰਟਰਸਟ ਦਾ ਵੀ ਮਾਮਲਾ ਹੈ, ਜੋ ਸਿੱਧੇ ਮੁੱਖ ਮੰਤਰੀ ਨਾਲ ਜੁੜਿਆ ਹੈ।
ਖਹਿਰਾ ਦੀ ਰਿਹਾਇਸ਼ 'ਤੇ ਬੁਲਾਈ ਪ੍ਰੈੱਸ ਕਾਨਫਰੰਸ 'ਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਕਿਹਾ ਕਿ ਸਿਸਵਾਂ ਪਿੰਡ ਦੀ ਪੰਚਾਇਤ ਨੂੰ ਗੁੰਮਰਾਹ ਕਰਕੇ ਇਕ ਪ੍ਰਸਤਾਵ ਪਾਸ ਕਰਾਇਆ ਗਿਆ ਤੇ ਉਸ ਦੇ ਆਧਾਰ 'ਤੇ ਸਰਕਾਰੀ ਖਜ਼ਾਨੇ ਤੋਂ ਪੈਸਾ ਖਰਚ ਕਰ ਕੇ ਚੈੱਕ ਡੈਮ ਬਣਾਉਣਾ ਸ਼ੁਰੂ ਕੀਤਾ ਗਿਆ ਹੈ। 'ਆਪ' ਨੇਤਾਵਾਂ ਨੇ ਕਿਹਾ ਕਿ ਇਹ ਠੀਕ ਉਸੇ ਤਰ੍ਹਾਂ ਹੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਦਾ ਮਾਮਲਾ ਹੈ, ਜਿਵੇਂ ਪਿਛਲੀ ਸਰਕਾਰ ਦੇ ਸਮੇਂ ਬਾਦਲਾਂ ਨੇ ਆਪਣੇ ਸੁਖਵਿਲਾਸ ਲਈ ਅਰਬਾਂ ਰੁਪਏ ਖਰਚ ਕਰਕੇ ਚਹੁੰਮਾਰਗੀ ਸੜਕ ਦਾ ਨਿਰਮਾਣ ਕੀਤਾ ਸੀ। 'ਆਪ' ਵਿਧਾਇਕਾਂ ਨੇ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸੀ. ਬੀ. ਆਈ. ਜਾਂਚ ਲਈ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਪੱਤਰ ਲਿਖਣਗੇ।
ਦਿੱਲੀ ਵਿਧਾਨ ਸਭਾ ਦੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਪ੍ਰਸਤਾਵ ਸਬੰਧੀ ਵਿਵਾਦ 'ਤੇ ਬੋਲਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕੀ ਉਕਤ ਪ੍ਰਸਤਾਵ ਨੂੰ ਵਾਪਸ ਲਿਆ ਜਾ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਕੇਜਰੀਵਾਲ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਮੁਆਫੀ ਮੰਗਣੀ ਹੋਵੇਗੀ।