ਕੈਪਟਨ ਸੰਧੂ ਦੇ ਦਫਤਰ ਬਾਹਰ ਹੰਗਾਮਾ, ਬੱਦੋਵਾਲ ਦੇ 2 ਕਾਂਗਰਸੀ ਧੜੇ ਆਪਸ 'ਚ ਭਿੜੇ

10/12/2019 7:59:16 PM

ਲੁਧਿਆਣਾ,(ਨਰਿੰਦਰ/ਕਾਲੀਆ) : ਪਿੰਡ ਬੱਦੋਵਾਲ ਵਿਖੇ ਦੋ ਕਾਂਗਰਸੀ ਧੜੇ ਆਪਸ 'ਚ ਭਿੜ ਪਏ। ਇਸ ਮੌਕੇ ਜਦ ਇਕ ਧੜੇ ਵੱਲੋਂ ਚੋਣ ਜਲਸੇ 'ਚ ਕਾਂਗਰਸੀ ਆਗੂਆਂ ਨੂੰ ਬੁਲਾਉਣ ਲਈ ਮੀਟਿੰਗ ਰੱਖ ਲਈ ਪਰ ਸੀਨੀਅਰ ਆਗੂਆਂ ਵੱਲੋਂ ਧੜਿਆਂ ਦੇ ਕਾਟੋ-ਕਲੇਸ਼ ਨੂੰ ਵੇਖਦਿਆਂ ਮੀਟਿੰਗ 'ਚ ਜਾਣ ਤੋਂ ਕਿਨਾਰਾ ਕਰ ਲਿਆ ਗਿਆ। ਜਿਸ 'ਤੇ ਭੜਕੇ ਇਕ ਧੜੇ ਦੇ ਅੰਮ੍ਰਿਤਧਾਰੀ ਟਕਸਾਲੀ ਕਾਂਗਰਸੀ ਵਰਕਰ ਵੱਲੋਂ ਆਪਣੇ ਸਾਥੀਆਂ ਸਮੇਤ ਉਮੀਦਵਾਰ ਦੇ ਮੁੱਲਾਂਪੁਰ ਦਫਤਰ ਦੇ ਬਾਹਰ ਆਪਣਾ ਪੱਖ ਰੱਖਣ ਲਈ ਪੁੱਜੇ ਤਾਂ ਦੂਸਰੇ ਧੜੇ ਦੇ ਕਾਂਗਰਸੀ ਆਗੂ ਸਾਬਕਾ ਸਰਪੰਚ ਅਮਰਜੋਤ ਸਿੰਘ ਤੇ ਕੁਲਦੀਪ ਸਿੰਘ ਬੱਦੋਵਾਲ ਨਾਲ ਝੜਪ ਹੋ ਗਈ, ਜਿਸ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਜਿਹਾ ਕਰਨ ਤੋਂ ਵਰਜਿਆ ਪਰ ਮਾਮਲਾ ਹੋਰ ਗਰਮਾ ਗਿਆ।

ਪੀੜਤ ਅੰਮ੍ਰਿਤਧਾਰੀ ਟਕਸਾਲੀ ਕਾਂਗਰਸੀ ਵਰਕਰ ਗੁਰਸੇਵਕ ਸਿੰਘ ਉਰਫ ਗੋਰਾ ਪੁੱਤਰ ਸੌਦਾਗਰ ਸਿੰਘ ਪਿੰਡ ਬੱਦੋਵਾਲ ਤੇ ਉਸ ਦੇ ਸਾਥੀਆਂ ਤਰਨਦੀਪ ਸਿੰਘ ਆਦਿ ਨੇ ਵਾਇਰਲ ਵੀਡੀਓ ਵਿਚ ਦੋਸ਼ ਲਾਇਆ ਕਿ ਸਾਡੇ ਨਾਲ ਸਰਾਸਰ ਧੱਕਾਸ਼ਾਹੀ ਕਰਦਿਆਂ ਕੈਬਨਿਟ ਮੰਤਰੀ ਆਸ਼ੂ ਨੇ ਬਿਨਾਂ ਸਾਡਾ ਪੱਖ ਸੁਣੇ ਸਾਡੀ ਕੁੱਟ-ਮਾਰ ਕਰ ਕੇ ਪੱਗ ਲਾਹੀ, ਕਕਾਰਾਂ ਦੀ ਬੇਅਦਬੀ ਕੀਤੀ ਤੇ ਗਾਲੀ-ਗਲੋਚ ਕਰਦਿਆਂ ਅਪਸ਼ਬਦ ਬੋਲੇ। ਜਦੋਂ ਮੈਂ ਤੇ ਮੇਰੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਬੁਲਾ ਕੇ ਸਾਨੂੰ ਝੂਠੇ ਪਰਚੇ ਦੇ ਕੇ ਜੇਲ ਅੰਦਰ ਡੱਕਣ ਦੀ ਧਮਕੀ ਵੀ ਦਿੱਤੀ। ਦਾਖਾ ਪੁਲਸ ਵੱਲੋਂ ਪਿਓ-ਪੁੱਤਰ ਨੂੰ ਜਬਰੀ ਚੁੱਕ ਕੇ ਹਿਰਾਸਤ ਵਿਚ ਲੈ ਲਿਆ ਗਿਆ। ਜਦੋਂ ਇਸ ਸਬੰਧੀ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਕਰ ਰਹੇ ਹਨ। ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਸਾਨੂੰ ਕਿਸੇ ਵੀ ਧੜੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਜਦੋਂ ਵੀ ਕੋਈ ਦਰਖਾਸਤ ਮਿਲਦੀ ਹੈ ਤਾਂ ਫੌਰੀ ਤੌਰ 'ਤੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਜਦਕਿ ਦੋਵਾਂ ਧੜਿਆਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਹੈ।

ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਇਹ ਇਕ ਮਹਿਜ ਡਰਾਮਾ ਹੈ ਤੇ ਇਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਜਦਕਿ ਇਨ੍ਹਾਂ ਵਿਅਕਤੀਆਂ ਵੱਲੋਂ ਮੇਰੇ ਵਿਰੁੱਧ ਬਹੁਤ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।


Related News