ਕੈਪਟਨ ਨਹਿਰੂ-ਗਾਂਧੀ ਪਰਿਵਾਰ ਨੂੰ ਬਚਾਉਣ ਲਈ ਸਿੱਖਾਂ ਨਾਲ ਧ੍ਰੋਹ ਕਰ ਰਿਹਾ : ਸੁਖਬੀਰ

Thursday, Aug 30, 2018 - 07:03 AM (IST)

ਚੰਡੀਗੜ੍ਹ,   (ਬਿਊਰੋ)—  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਬਤੌਰ ਸਿੱਖ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਨਵੰਬਰ 1984 'ਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕੀਤੇ ਕਤਲੇਆਮ ਵਿਚ ਕਾਂਗਰਸ ਪਾਰਟੀ ਤੇ ਇਸ ਦੇ ਵੱਡੇ ਆਗੂਆਂ ਦੀ ਭੂਮਿਕਾ ਬਾਰੇ ਸੁਪਰੀਮ ਕੋਰਟ ਵੱਲੋਂ ਕਰਵਾਈ ਜਾ ਰਹੀ ਜਾਂਚ ਵਿਚ ਇਕ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋਣ।
ਉਨ੍ਹਾਂ ਕਿਹਾ ਕਿ ਕੱਲ ਵਿਧਾਨ ਸਭਾ ਵਿਚ ਦਿੱਤੇ ਭਾਸ਼ਣ 'ਚ 1984 ਦੇ ਹਤਿਆਰਿਆਂ ਦੇ ਨਾਂ ਲੈਂਦਿਆਂ ਜਾਣਬੁੱਝ ਕੇ ਆਪਣੇ ਦੋਸਤਾਂ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਬਾਹਰ ਕੱਢ ਕੇ ਮੁੱਖ ਮੰਤਰੀ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਅਤੇ ਨਵੰਬਰ 1984 'ਚ ਕਾਂਗਰਸੀ ਗੁੰਡਿਆਂ ਵੱਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਪੀੜਤਾਂ ਦੇ ਵਾਰਿਸਾਂ ਨੂੰ ਜ਼ਲੀਲ ਕੀਤਾ ਤੇ ਦੁੱਖ ਪਹੁੰਚਾਇਆ ਹੈ।
ਬਾਦਲ ਨੇ ਕੈਪਟਨ ਅਮਰਿੰਦਰ 'ਤੇ ਦੋਸ਼ ਲਾਇਆ ਕਿ ਉਹ ਆਪਣੀ ਕੁਰਸੀ ਬਚਾਉਣ ਲਈ ਪੀੜਤ ਬੇਗੁਨਾਹ ਪਰਿਵਾਰਾਂ ਦੀ ਹਮਾਇਤ ਕਰਨ ਦੀ ਥਾਂ ਇਨ੍ਹਾਂ ਹਤਿਆਰਿਆਂ ਪ੍ਰਤੀ ਵਫਾਦਾਰੀ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰ ਰਹੇ ਹੋ, ਤੁਸੀਂ ਖੁਦ ਨੂੰ ਸਿੱਖਾਂ ਦੀ ਥਾਂ ਗਾਂਧੀ ਪਰਿਵਾਰ ਦਾ ਰਖਵਾਲਾ ਐਲਾਨ ਰਹੇ ਹੋ। ਇਹ ਵਾਕਈ ਬਹੁਤ ਹੀ ਸ਼ਰਮਨਾਕ ਗੱਲ ਹੈ ਪਰ ਇਸ ਨਾਲ ਤੁਹਾਡਾ ਅਸਲੀ ਰੰਗ ਸਿੱਖਾਂ ਅੱਗੇ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।
ਉੁਨ੍ਹਾਂ ਕਿਹਾ ਕਿ ਅਚਾਨਕ ਹੀ ਰਾਹੁਲ ਗਾਂਧੀ, ਅਮਰਿੰਦਰ ਤੇ ਦੂਜੇ ਕਾਂਗਰਸੀ ਆਗੂਆਂ ਵੱਲੋਂ ਬਿਆਨਾਂ ਰਾਹੀਂ ਕਾਂਗਰਸ ਪਾਰਟੀ ਨੂੰ ਜਾਰੀ ਕੀਤੇ ਜਾ ਰਹੇ ਨਿਰਦੋਸ਼ ਹੋਣ ਦੇ ਸਰਟੀਫਿਕੇਟ 1984 ਕਤਲੇਆਮ ਬਾਰੇ ਸੁਪਰੀਮ ਕੋਰਟ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਰਚੀ ਗਈ ਇਕ ਡੂੰਘੀ ਸਾਜ਼ਿਸ਼ ਹੈ। ਬਾਦਲ ਨੇ ਕਿਹਾ ਕਿ ਕੈਪਟਨ ਨੂੰ ਸੁਪਰੀਮ ਕੋਰਟ ਦੀ ਜਾਂਚ ਅੱਗੇ ਇਕ ਚਸ਼ਮਦੀਦ ਗਵਾਹ ਜਿਸ ਬਾਰੇ ਉਸ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ 1984 ਦੇ ਸਿੱਖਾਂ ਦੇ ਦੁਖਾਂਤ ਦਾ ਗਵਾਹ ਹੈ, ਵਜੋਂ ਪੇਸ਼ ਹੋਣਾ ਚਾਹੀਦਾ ਹੈ। ਇਕ ਸਿੱਖ ਵਜੋਂ ਘੱਟੋ-ਘੱਟ ਇੰਨਾ ਤਾਂ ਉਸ ਨੂੰ ਕਰਨਾ ਹੀ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਪਹਿਲਾਂ ਸਿਰਫ ਰਾਹੁਲ ਗਾਂਧੀ ਸੀ, ਜਿਹੜਾ ਕਿ ਸਿੱਖ ਕਤਲੇਆਮ ਵਿਚ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦੀ ਭੂਮਿਕਾ ਬਾਰੇ ਬਿਆਨ ਬਦਲਦਾ ਸੀ ਤੇ ਹੁਣ ਨਹਿਰੂ-ਗਾਂਧੀ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਵੀ ਆਪਣੇ ਪ੍ਰਧਾਨ ਦੇ ਨਾਲ ਆ ਖੜ੍ਹਿਆ ਹੈ ਕਿਉਂਕਿ ਉਹ ਮੁੱਖ ਮੰਤਰੀ ਨੂੰ ਬਦਲੇ ਜਾਣ ਦੀਆਂ ਆ ਰਹੀਆਂ ਰਿਪੋਰਟਾਂ ਤੋਂ ਕਾਫੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਕਾਰਨ ਹੈ ਕਿ ਕਾਂਗਰਸੀ ਆਗੂਆਂ ਵਿਚ ਸਿੱਖ ਮੁੱਦਿਆਂ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੰਡਣ ਦੀ ਇਕ ਦੌੜ ਲੱਗੀ ਹੋਈ ਹੈ।


Related News