ਏਮਜ਼ ਪ੍ਰੀਖਿਆ ਦੇ ਟਾਪਰਜ਼ ਨੂੰ ਮਿਲੇ ਕੈਪਟਨ, ਕੀਤੀ ਹੌਸਲਾ ਅਫ਼ਜ਼ਾਈ

Wednesday, Jun 27, 2018 - 07:29 AM (IST)

ਏਮਜ਼ ਪ੍ਰੀਖਿਆ ਦੇ ਟਾਪਰਜ਼ ਨੂੰ ਮਿਲੇ ਕੈਪਟਨ, ਕੀਤੀ ਹੌਸਲਾ ਅਫ਼ਜ਼ਾਈ

ਚੰਡੀਗੜ੍ਹ (ਸ਼ਰਮਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਏਮਜ਼ ਵਾਸਤੇ ਐੱਮ. ਬੀ. ਬੀ. ਐੱਸ. ਦੀ ਪ੍ਰੀਖਿਆ ਵਿਚ ਚੋਟੀ ਦੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਉਨਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਬੈਚ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਏਲੀਜ਼ਾ ਬਾਂਸਲ, ਦੂਜੇ ਅਤੇ ਚੌਥੇ ਸਥਾਨ 'ਤੇ ਆਉਣ ਵਾਲੇ ਰਾਮਨੀਕ ਕੌਰ ਮਾਹਲ ਅਤੇ ਮਨਰਾਜ ਸਿੰਘ ਸਰਾਂ ਮੁੱਖ ਮੰਤਰੀ ਨੂੰ ਮਿਲੇ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ। ਗੌਰਤਲਬ ਹੈ ਕਿ ਸਰਾਂ ਇਸ ਪ੍ਰੀਖਿਆ ਵਿਚ ਮੁੰਡਿਆਂ ਵਿਚੋਂ ਪਹਿਲੇ ਨੰਬਰ 'ਤੇ ਆਇਆ। ਮੁੱਖ ਮੰਤਰੀ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ, ਜੋ ਮੀਟਿੰਗ ਵਿਚ ਉਨ੍ਹਾਂ ਦੇ ਨਾਲ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੇ ਆਪਣੇ ਮਾਤਾ-ਪਿਤਾ ਨੂੰ ਮਾਣ ਦਿਵਾਉਣ ਦੇ ਨਾਲ-ਨਾਲ ਸੂਬੇ ਦੀ ਵੀ ਸ਼ਾਨ ਵਧਾਈ ਹੈ। ਮੁੱਖ ਮੰਤਰੀ ਨੇ ਕਾਮਨਾ ਕੀਤੀ ਕਿ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ ਇਹ ਵਿਦਿਆਰਥੀ ਆਪਣੇ ਕਰੀਅਰ ਵਿਚ ਸਫਲ ਹੋਣਗੇ। ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਤੇ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ।


Related News