ਕੈਪਟਨ ਸਰਕਾਰ ਆਪਣੇ ਵੱਲੋਂ ਗਰੀਬ ਪਰਿਵਾਰਾਂ ਨੂੰ ਕੁਝ ਨਹੀਂ ਦੇ ਸਕਦੀ : ਸੁਖਬੀਰ ਬਾਦਲ
Thursday, May 28, 2020 - 08:52 PM (IST)
ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)— ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਨਾਬ ਮੁਹੰਮਦ ਉਵੈਸ ਨੇ ਹਲਕੇ ਦੇ ਅਹੁਦੇਦਾਰਾਂ ਤੇ ਸਰਕਲ ਪ੍ਰਧਾਨਾਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਵੈਸ ਨੇ ਬਾਦਲ ਨਾਲ ਹਲਕੇ 'ਚ ਚੱਲ ਰਹੀਆਂ ਪਾਰਟੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਜਨਾਬ ਉਵੈਸ ਨੇ ਦੱਸਿਆ ਕਿ ਵਿਸ਼ਵ ਵਿਆਪੀ ਮਹਾਂਮਾਰੀ ਬੀਮਾਰੀ ਕੋਰੋਨਾ ਵਾਇਰਸ ਸਦਕਾ ਲੱਗੇ ਕਰਫਿਊ ਤੇ ਲਾਕਡਾਊਨ ਨੇ ਰੋਜ਼ਾਨਾ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਚਲਾਉਣ ਵਾਲੇ ਗਰੀਬਾਂ ਦਾ ਬੁਰਾ ਹਾਲ ਹੋ ਗਿਆ ਹੈ, ਜਦਕਿ ਇਸ ਦੌਰਾਨ ਸਰਕਾਰ ਨੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਉਨ੍ਹਾਂ ਦੀਆਂ ਮੁਸੀਬਤਾਂ 'ਚ ਵਾਧਾ ਕੀਤਾ ਹੈ।
ਇਸ ਮੌਕੇ ਬਾਦਲ ਨੇ ਕਿਹਾ ਕਿ ਉਹ ਗਰੀਬਾਂ ਦੀ ਇਸ ਮੁਸ਼ਕਲ ਨੂੰ ਸੂਬਾਈ ਤੇ ਕੌਮੀ ਪੱਧਰ 'ਤੇ ਉਠਾਉਣਗੇ। ਗਰੀਬਾਂ ਦੇ ਕੱਟੇ ਨੀਲੇ ਕਾਰਡ ਦੇ ਸਬੰਧ 'ਚ ਕੈਪਟਨ ਸਰਕਾਰ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਆਪਣੇ ਵੱਲੋਂ ਗਰੀਬ ਪਰਿਵਾਰਾਂ ਨੂੰ ਕੁੱਝ ਦੇ ਨਹੀਂ ਸਕਦੀ ਤਾਂ ਕੇਂਦਰ ਸਰਕਾਰ ਦੀ ਇਸ ਸਕੀਮ ਤੋਂ ਗਰੀਬ ਲੋਕਾਂ ਨੂੰ ਕਿਉਂ ਮਾੜੀ ਸਿਆਸਤ ਕਰ ਕੇ ਦੋ ਵਕਤ ਦੀ ਰੋਟੀ ਤੋਂ ਵਾਂਝੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਅਗਾਮੀ ਚੋਣਾਂ ਨੂੰ ਵੇਖਦਿਆਂ ਹਲਕੇ ਦੇ ਹਰ ਬੂਥ, ਵਾਰਡ ਤੇ ਪਿੰਡ ਪੱਧਰ 'ਤੇ ਪਾਰਟੀ ਵਰਕਰਾਂ ਦੀਆਂ ਕਮੇਟੀਆਂ ਬਣਾ ਕੇ ਹਰ ਵਿਅਕਤੀ ਅਤੇ ਹਰ ਘਰ ਤਕ ਪਾਰਟੀ ਗਤੀਵਿਧੀਆਂ ਨੂੰ ਪੁੱਜਦਾ ਕਰ ਕੇ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਵੇ। ਇਸ ਕੌਮਾਂਤਰੀ ਸੰਕਟ ਦੇ ਸਮੇਂ ਪਾਰਟੀ ਸੂਬੇ ਦੇ ਲੋਕਾਂ ਦੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਹੈ ਉਸ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ। ਬਾਦਲ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਵੱਡੇ ਪੱਧਰ 'ਤੇ ਉਠਾਉਣਗੇ।
ਮੀਟਿੰਗ 'ਚ ਮੁਹੰਮਦ ਯੂਨਸ ਬਖਸ਼ੀ, ਸਰਕਲ ਪ੍ਰਧਾਨ ਸੰਦੋੜ ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ ਦਿਹਾਤੀ ਗੁਰਮੇਲ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ-1 ਮੁਹੰਮਦ ਅਸਲਮ ਕਾਲਾ, ਸ਼ਹਿਰੀ -2 ਦੇ ਪ੍ਰਧਾਨ ਮੁਹੰਮਦ ਸ਼ਫੀਕ ਚੌਹਾਨ, ਸ਼ਹਿਰੀ ਸੈਂਟਰਲ ਦੇ ਪ੍ਰਧਾਨ ਜਗਦੀਸ਼ ਕੁਮਾਰ ਕਿੰਗਰ ਵੀ ਹਾਜ਼ਰ ਸਨ।