ਕੈਪਟਨ ਸਰਕਾਰ ਦੇ ਖਿਲਾਫ ਉਤਰੇ ਅਧਿਆਪਕ, ਪੁਤਲਾ ਫੂਕ ਜਤਾਇਆ ਰੋਸ
Saturday, Sep 09, 2017 - 01:10 PM (IST)
ਗੁਰਦਾਸਪੁਰ (ਦੀਪਕ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਇਕਾਈ ਗੁਰਦਾਸਪੁਰ ਵੱਲੋਂ ਅਧਿਆਪਕਾਂ ਅਤੇ ਸਮੁੱਚੇ ਮੁਲਾਜ਼ਮਾਂ ਦੀ ਤਨਖਾਹ 'ਤੇ ਰੋਕ ਲਾਉਣ ਅਤੇ ਖਜ਼ਾਨਾ ਦਫਤਰਾਂ 'ਤੇ ਅਣ-ਐਲਾਨੀ ਪਾਬੰਧੀ ਲਾਉਣ ਦੇ ਰੋਸ ਵਜੋਂ ਅਸ਼ਵਨੀ ਫੱਜੂਪੁਰ ਜ਼ਿਲਾ ਜਨਰਲ ਸਕੱਤਰ ਅਤੇ ਪੰਕਜ ਅਰੋੜਾ ਦੀ ਅਗਵਾਈ ਵਿਚ ਕੈਪਟਨ ਸਰਕਾਰ ਦਾ ਡਾਕਖਾਨਾ ਚੌਕ 'ਚ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਤੋਂ ਪਹਿਲਾਂ ਸੂਬਾਈ ਆਗੂਆਂ ਨਰੇਸ਼ ਪਨਿਆੜ, ਲਖਵਿੰਦਰ ਸ਼ੇਖੋਂ ਤੇ ਮਲਕੀਅਤ ਸਿੰਘ ਦੀ ਅਗਵਾਈ ਵਿਚ ਸਮੂਹ ਗੁਰਦਾਸਪੁਰ ਦੇ ਅਧਿਆਪਕਾਂ ਵੱਲੋਂ ਨਹਿਰੂ ਪਾਰਕ ਵਿਖੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਗਈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਖਜ਼ਾਨਾ ਦਫਤਰਾਂ ਤੇ ਹਰ ਤਰ੍ਹਾਂ ਦੀ ਰੋਕ ਹਟਾਉਣ ਦੀ ਮੰਗ ਕੀਤੀ ਤੇ ਜਨਵਰੀ 2017 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਏ. ਸੀ. ਪੀ. ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ ਅਤੇ ਅਧਿਆਪਕਾਂ ਦੀ ਜਬਰੀ ਸੇਵਾ ਮੁਕਤੀ ਦੀ ਚਿੱਠੀ ਦਾ ਡਟਵਾਂ ਵਿਰੋਧ ਕੀਤਾ।
ਇਸ ਮੌਕੇ ਪਰਮਜੀਤ, ਗੁਰਮੀਤ ਸਿੰਘ, ਵਰਿੰਦਰ ਕੋਟਲੀ, ਮੁਕੇਸ਼ ਸ਼ਰਮਾ, ਗੁਰਿੰਦਰ ਸੈਣੀ, ਗੁਰਿੰਦਰਜੀਤ ਸਿੰਘ, ਪਵਨ, ਰਕੇਸ਼ ਮਹਿਰਾ, ਰਾਜ ਕੁਮਾਰ, ਪਵਨ ਬੱਲਾ, ਰਣਜੀਤ ਸਿੰਘ, ਅਸ਼ੋਕ ਕੁਮਾਰ, ਰਛਪਾਲ, ਪਰਮਿੰਦਰ ਸਿੰਘ, ਬਲਵਿੰਦਰ ਪਾਲ, ਰਵੀ ਸ਼ੰਕਰ, ਜੋਗਿੰਦਰ ਦਾਸ, ਲਖਵਿੰਦਰ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਸੱਤਪਾਲ ਸਿੰਘ ਆਦਿ ਹਾਜ਼ਰ ਸਨ।
ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)-ਪਿੰਡ ਫੂਲਪੁਰ 'ਚ ਬੇਰੋਜ਼ਗਾਰ ਟੀਚਰਜ਼ ਯੂਨੀਅਨ ਤੇ ਆਰਟ ਐਂਡ ਕ੍ਰਾਫ਼ਟ ਬੇਰੋਜ਼ਗਾਰ ਅਧਿਆਪਕ ਯੂਨੀਅਨ ਨੇ ਜਨਰਲ ਸਕੱਤਰ ਰਜੇਸ਼ ਕੁਮਾਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਰਾਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ।
ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਰਾਕੇਸ਼ ਕੁਮਾਰ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਵਿਵੇਕ ਕੁਮਾਰ, ਹਰਸ਼ ਕੁਮਾਰ, ਸੁਰਕੀਰਤ, ਹਰਿ ਸਿੰਘ, ਸੁਖਵਿੰਦਰ ਕੁਮਾਰ, ਪ੍ਰਵੇਸ਼ ਕੁਮਾਰ, ਅਰੁਣ ਕੁਮਾਰ, ਜਤਿੰਦਰ ਕੌਰ, ਦੀਪਿਕਾ, ਗੁਰਲੀਨ, ਪਿੰਕੀ, ਅਨੀਸ਼ਾ, ਰਚਨਾ ਦੇਵੀ ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬੇਰੋਜ਼ਗਾਰ ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਰੋਜ਼ਗਾਰ ਦੇਣ ਦਾ ਭਰੋਸਾ ਦਿੱਤਾ ਸੀ ਪਰ 6 ਮਹੀਨਿਆਂ ਬਾਅਦ ਵੀ ਸੂਬੇ ਦੀ ਸਰਕਾਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਨਹੀਂ ਕਰਵਾ ਸਕੀ, ਜਦਕਿ ਬੇਰੋਜ਼ਗਾਰਾਂ ਦੀ ਫੌਜ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਉਥੇ ਹੀ ਪੜ੍ਹੇ-ਲਿਖੇ ਅਧਿਆਪਕ ਸਿਰਫ਼ 3-3 ਹਜ਼ਾਰ ਦੀ ਨੌਕਰੀ ਕਰਨ ਨੂੰ ਮਜਬੂਰ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਆਗਾਮੀ ਲੋਕਸਭਾ ਉਪ ਚੋਣ ਦਾ ਬਾਈਕਾਟ ਕੀਤਾ ਜਾਵੇਗਾ।
