ਕੈਪਟਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਮੁਫਤ ਯਾਤਰਾ ਦਾ ਪ੍ਰਬੰਧ ਕਰੇ : ਹਰਸਿਮਰਤ

Monday, Oct 21, 2019 - 11:20 PM (IST)

ਕੈਪਟਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਮੁਫਤ ਯਾਤਰਾ ਦਾ ਪ੍ਰਬੰਧ ਕਰੇ : ਹਰਸਿਮਰਤ

ਚੰਡੀਗੜ੍ਹ,, (ਅਸ਼ਵਨੀ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਯਾਤਰਾ ਸਕੀਮ ਦੀ ਤਰਜ਼ ’ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੁਫਤ ਕਰਨ ਦਾ ਬੰਦੋਬਸਤ ਕਰਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਬੱਸ ਰਾਹੀਂ ਸ੍ਰੀ ਦਰਬਾਰ ਸਾਹਿਬ ਅਤੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਨਾਂਦੇੜ ਸਾਹਿਬ, ਪਟਨਾ ਸਾਹਿਬ, ਵਾਰਾਨਸੀ ਅਤੇ ਅਜਮੇਰ ਦੀ ਯਾਤਰਾ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਕਮਾਨ ਸੰਭਾਲਦੇ ਹੀ ਇਹ ਸਕੀਮ ਬੰਦ ਕਰ ਦਿੱਤੀ ਸੀ।

ਹਰਸਿਮਰਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਣ ਵਾਲੇ ਸਾਰੇ ਸ਼ਰਧਾਲੂਆਂ ’ਤੇ ਪਾਕਿਸਤਾਨ ਸਰਕਾਰ ਵਲੋਂ ਲਗਾਏ 20 ਡਾਲਰ ਦੇ ਟੈਕਸ ਦਾ ਬੋਝ ਹਲਕਾ ਕਰਨ ਲਈ ਇਸ ਸਕੀਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਦੀਆਂ ਸਰਕਾਰਾਂ ਵੀ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਦੀ ਸਹੂਲਤ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ 20 ਡਾਲਰ ਅਦਾ ਕਰਨ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ, ਜਿਸ ਨੂੰ ਪਾਕਿਸਤਾਨ ਸਰਕਾਰ ਹਰ ਸ਼ਰਧਾਲੂ ’ਤੇ ਲਾਉਣ ਦੀ ਜ਼ਿਦ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਦੇ ਗਰੀਬ ਤਬਕਿਆਂ ਲਈ ਵੀ ਇਹ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਪਾਕਿਸਤਾਨ ਸਰਕਾਰ ਨੂੰ ਵੀ ਯਾਤਰੀਆਂ ਕੋਲੋਂ 20 ਡਾਲਰ ਲੈਣ ਦੇ ਫੈਸਲੇ ’ਤੇ ਦੁਬਾਰਾ ਗੌਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ’ਚ ਕਿਤੇ ਵੀ ਕਿਸੇ ਧਾਰਮਿਕ ਅਸਥਾਨ ਦੀ ਯਾਤਰਾ ਕਰਨ ’ਤੇ ਅਜਿਹਾ ਸਰਵਿਸ ਟੈਕਸ ਨਹੀਂ ਲਿਆ ਜਾਂਦਾ ਹੈ। ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ, ਜਿਹਡ਼ੇ ਕਿ ਪੂਰੀ ਦੁਨੀਆ ਅੰਦਰ ਮਨੁੱਖਤਾ ਦੀ ਸੇੇਵਾ ਲਈ ਜਾਣੇ ਜਾਂਦੇ ਹਨ।


author

DILSHER

Content Editor

Related News