ਕੈਪਟਨ ਸਰਕਾਰ ਮੱਛਰ ਮਾਰਨ ''ਚ ਵੀ ਫੇਲ : ਭਾਜਪਾ
Sunday, Oct 29, 2017 - 07:27 AM (IST)
ਚੰਡੀਗੜ੍ਹ - ਆਪਣੇ 7 ਮਹੀਨਿਆਂ ਦੇ ਕਾਰਜਕਾਲ 'ਚ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਤਾਂ ਮੱਛਰ ਮਾਰਨ ਵਿਚ ਵੀ ਅਸਫਲ ਰਹੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਪੰਜਾਬ 'ਚ ਮਹਾਮਾਰੀ ਦਾ ਰੂਪ ਧਾਰ ਚੁੱਕੀ ਡੇਂਗੂ ਦੀ ਸਮੱਸਿਆ 'ਤੇ ਸਰਕਾਰ ਨੂੰ ਘੇਰਦਿਆਂ ਟਿੱਪਣੀ ਕਰ ਰਹੇ ਸਨ। ਜੋਸ਼ੀ ਨੇ ਕਿਹਾ ਕਿ ਪੰਜਾਬ ਵਿਚ ਫੈਲੀ ਮਹਾਮਾਰੀ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜ਼ਿੰਮੇਵਾਰ ਹਨ।
ਅੱਜ ਇਥੇ ਸੂਬਾਈ ਭਾਜਪਾ ਵਲੋਂ ਇਸ ਮੁੱਦੇ 'ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੋਸ਼ੀ ਨੇ ਕਿਹਾ ਕਿ ਮੋਹਾਲੀ, ਹੁਸ਼ਿਆਰਪੁਰ, ਪਟਿਆਲਾ, ਕਪੂਰਥਲਾ, ਪਠਾਨਕੋਟ, ਲੁਧਿਆਣਾ, ਫਿਰੋਜ਼ਪੁਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੋਗਾ, ਜਲੰਧਰ, ਰੋਪੜ, ਗੁਰਦਾਸਪੁਰ, ਬਰਨਾਲਾ, ਨਵਾਂਸ਼ਹਿਰ, ਬਠਿੰਡਾ, ਫਿਰੋਜ਼ਪੁਰ, ਫਗਵਾੜਾ, ਅੰਮ੍ਰਿਤਸਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਆਦਿ ਸਮੇਤ ਪੂਰੇ ਪੰਜਾਬ ਭਰ ਵਿਚ ਡੇਂਗੂ ਮਹਾਮਾਰੀ ਦਾ ਰੂਪ ਧਾਰ ਚੁੱਕਾ ਹੈ। ਡੇਂਗੂ ਰੋਕਣ ਲਈ ਜਿਥੇ ਸ਼ਹਿਰਾਂ ਦੀ ਸਫਾਈ ਰੱਖਣ ਅਤੇ ਮੱਛਰਾਂ ਨੂੰ ਮਾਰਨ ਲਈ ਫੌਗਿੰਗ ਕਰਨ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ ਦੀ ਹੈ, ਜਿਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹਨ, ਉਥੇ ਹੀ ਦੂਜੇ ਪਾਸੇ ਮੱਛਰਾਂ ਦੀ ਡੈਂਸਿਟੀ ਚੈੱਕ ਕਰਨਾ, ਹਸਪਤਾਲਾਂ ਵਿਚ ਜ਼ਰੂਰਤ ਮੁਤਾਬਿਕ ਤਿਆਰੀ ਰੱਖਣ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਬਣਦੀ ਹੈ, ਦੋਵੇਂ ਹੀ ਇਸ 'ਚ ਅਸਫਲ ਸਿੱਧ ਹੋਏ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਵਲਰਡ ਹੈਲਥ ਆਰਗੇਨਾਈਜ਼ੇਸ਼ਨ (ਵਿਸ਼ਵ ਸਿਹਤ ਸੰਗਠਨ) ਦੀ ਚਿਤਾਵਨੀ ਨੂੰ ਵੀ ਨਜ਼ਰਅੰਦਾਜ਼ ਕਰ ਕੇ ਸਿਰਫ ਸਿਆਸੀ ਬਦਲਾਖੋਰੀ ਅਤੇ ਪੁਰਾਣੇ ਐਲਾਨਾਂ ਨੂੰ ਰਿਪੀਟ ਕਰਨ 'ਚ ਰੁੱਝੇ ਹੋਏ ਹਨ।
