ਕੈਪਟਨ ਸਰਕਾਰ ਵਲੋਂ ਸੁਪਰੀਮ ਕੋਰਟ ''ਚ ਦਿੱਤੇ ਹਲਫਨਾਮੇ ''ਤੇ ਲੌਂਗੋਵਾਲ ਦੀ ਦੋ ਟੁੱਕ

Friday, Jan 31, 2020 - 06:55 PM (IST)

ਕੈਪਟਨ ਸਰਕਾਰ ਵਲੋਂ ਸੁਪਰੀਮ ਕੋਰਟ ''ਚ ਦਿੱਤੇ ਹਲਫਨਾਮੇ ''ਤੇ ਲੌਂਗੋਵਾਲ ਦੀ ਦੋ ਟੁੱਕ

ਲੌਂਗੋਵਾਲ (ਵਸ਼ਿਸ਼ਟ) : ਹਰਿਆਣਾ 'ਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਸ਼ੁੱਕਰਵਾਰ ਨੂੰ ਕੈਪਟਨ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਦਿੱਤੇ ਹਲਫ਼ਨਾਮੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕੈਪਟਨ ਸਰਕਾਰ 'ਤੇ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਅਤੇ 1925 'ਚ ਬਣੇ ਗੁਰਦੁਆਰਾ ਐਕਟ ਅਧੀਨ ਹੀ ਇਸ ਦੀ ਚੋਣ ਹੁੰਦੀ ਹੈ। ਇਥੇ ਇਕ ਸ਼ੋਕ ਸਮਾਗਮ 'ਚ ਪਹੁੰਚੇ ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਐਕਟ 'ਚ ਤਰਮੀਮ ਕਰਨ ਦਾ ਮਾਮਲਾ ਸੂਬੇ ਕੋਲ ਨਹੀਂ ਬਲਕਿ ਕੇਂਦਰ ਸਰਕਾਰ ਕੋਲ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਹਲਫ਼ਨਾਮੇ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਿੱਖਾਂ ਦੀ ਇਸ ਸਿਰਮੌਰ ਸੰਸਥਾ 'ਚ ਕਾਂਗਰਸ ਸਰਕਾਰ ਬੇਲੋੜੀ ਦਖਲ-ਅੰਦਾਜ਼ੀ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਗਰੂਰ ਰੈਲੀ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਕਿ ਇਸ ਰੈਲੀ ਵਿਚ ਪੰਜਾਬ ਭਰ ਤੋਂ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ ਦੇ ਜਵਾਬ 'ਚ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਇਹ ਬੇਤੁਕਾ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਰੈਲੀ 'ਚ ਸਿਰਫ਼ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਹੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੀਡੀਆ ਚਾਹੇ ਤਾਂ ਉਸ ਦਿਨ ਇਸ ਗੱਲ ਦੀ ਪੂਰੀ ਤਰ੍ਹਾਂ ਪੜਤਾਲ ਕਰ ਸਕਦਾ ਹੈ । ਇਕ ਵੀ ਗੱਡੀ ਇਸ ਰੈਲੀ 'ਚ ਹੋਰ ਜ਼ਿਲੇ ਦੀ ਨਹੀਂ ਹੋਵੇਗੀ ।

ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ 'ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਕਦੇ ਵੀ ਨਹੀਂ ਟੁੱਟਿਆ ਅਤੇ ਪਿਛਲੇ ਦਿਨੀਂ ਜਿਸ ਕਾਰਣ ਸਦਕਾ ਦਿੱਲੀ ਚੋਣਾਂ ਨਾ ਲੜਨ ਦਾ ਮਨ ਬਣਾਇਆ ਸੀ, ਉਸ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਸਟੈਂਡ ਕਰਦਾ ਹੈ ਅਤੇ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦਾ ਹੈ ਪਰ ਇਸ 'ਚ ਮੁਸਲਮਾਨ ਭਾਈਚਾਰੇ ਨੂੰ ਘੇਰੇ ਅੰਦਰ ਲਿਆਉਣ ਦੀ ਮੰਗ ਕਰਦਾ ਹੈ ।


author

Gurminder Singh

Content Editor

Related News