ਵਾਅਦਾ 2000 ਦਾ, ਮਿਲ 500 ਵੀ ਨਹੀਂ ਰਹੇ!
Tuesday, Nov 14, 2017 - 09:49 AM (IST)

ਜਲੰਧਰ (ਰਵਿੰਦਰ ਸ਼ਰਮਾ)—ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਕੈਪਟਨ ਸਰਕਾਰ ਪਲਟਦੀ ਨਜ਼ਰ ਆ ਰਹੀ ਹੈ। ਸੱਤਾ ਤੋਂ 10 ਸਾਲ ਬਾਹਰ ਰਹਿਣ ਦੇ ਸਮੇਂ ਅਕਾਲੀ-ਭਾਜਪਾ ਨੂੰ ਰੱਜ ਕੇ ਭੰਡਣ ਵਾਲੀ ਕਾਂਗਰਸ ਹੁਣ ਖੁਦ ਸੱਤਾ ਵਿਚ ਆ ਕੇ ਸਭ ਕੁੱਝ ਭੁੱਲ ਗਈ ਹੈ। ਪਿਛਲੇ 8 ਮਹੀਨਿਆਂ ਵਿਚ ਸਰਕਾਰ ਨੇ ਜਨਤਾ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾਇਆ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਵਾਅਦਾ ਆਮ ਜਨਤਾ ਲਈ ਸੀ ਬੁਢਾਪਾ ਤੇ ਵਿਧਵਾ ਪੈਨਸ਼ਨ ਵਿਚ ਵਾਧਾ ਕਰਨਾ। ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ 'ਤੇ 500 ਰੁਪਏ ਦੀ ਥਾਂ ਬੁਢਾਪਾ ਤੇ ਵਿਧਵਾ ਪੈਨਸ਼ਨ ਨੂੰ 2000 ਰੁਪਏ ਕਰਨ ਦੀ ਗੱਲ ਕਹੀ ਸੀ ਪਰ ਹਾਲਾਤ ਇਸਦੇ ਉਲਟ ਹੋ ਗਏ ਹਨ। 2000 ਤਾਂ ਦੂਰ ਦੀ ਗੱਲ, ਪਿਛਲੇ 5 ਮਹੀਨਿਆਂ ਤੋਂ ਜਨਤਾ ਨੂੰ 500 ਰੁਪਏ ਪੈਨਸ਼ਨ ਵੀ ਨਹੀਂ ਮਿਲ ਰਹੀ। 5 ਮਹੀਨਿਆਂ ਤੋਂ ਬਜ਼ੁਰਗ ਸਿਰਫ 500 ਰੁਪਿਆਂ ਲਈ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਨ ਪਰ ਸਰਕਾਰ ਕੋਲ ਇਕ ਹੀ ਜਵਾਬ ਹੈ ਕਿ ਖਜ਼ਾਨੇ ਵਿਚ ਪੈਸੇ ਨਹੀਂ ਹਨ। ਸਵਾਲ ਇਹ ਹੈ ਕਿ ਜੇਕਰ ਖਜ਼ਾਨੇ ਵਿਚ ਪੈਸੇ ਨਹੀਂ ਹਨ ਤਾਂ ਜਨਤਾ ਨਾਲ ਝੂਠੇ ਵਾਅਦੇ ਕਿਉਂ ਕੀਤੇ ਸਨ?
ਚੋਣ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਹੀ ਕਾਂਗਰਸ ਨੇ ਬੜੇ ਜ਼ੋਰ-ਸ਼ੋਰ ਨਾਲ ਇਸ ਗੱਲ ਦਾ ਪ੍ਰਚਾਰ ਕੀਤਾ ਸੀ। ਹਰੇਕ ਜ਼ਿਲੇ ਵਿਚ ਜਿੱਥੇ-ਜਿੱਥੇ ਕਾਂਗਰਸ ਨੇ ਇੰਚਾਰਜ ਨਿਯੁਕਤ ਕੀਤੇ ਸਨ, ਉਨ੍ਹਾਂ ਨੇ ਇਸ ਗੱਲ ਦਾ ਬੇਹੱਦ ਪ੍ਰਚਾਰ ਕੀਤਾ ਸੀ ਕਿ ਸੱਤਾ ਵਿਚ ਆਉਂਦਿਆਂ ਹੀ 500 ਦੀ ਬਜਾਏ ਪੈਨਸ਼ਨ 2000 ਰੁਪਏ ਕਰ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਦਮਪੁਰ ਤੋਂ ਆਗਾਜ਼ ਕਰਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਸੀ ਕਿ 500 ਰੁਪਏ ਵਿਚ ਕੀ ਬਣਦਾ ਹੈ। ਬਜ਼ੁਰਗਾਂ ਨੂੰ ਕਈ-ਕਈ ਵਾਰ ਤਾਂ ਗੇੜੇ ਮਾਰਨੇ ਪੈ ਜਾਂਦੇ ਹਨ। ਛਾਤੀ ਠੋਕ ਕੇ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਆਉਣ 'ਤੇ 500 ਦੀ ਥਾਂ 2000 ਰੁਪਏ ਬੁਢਾਪਾ ਤੇ ਵਿਧਵਾ ਪੈਨਸ਼ਨ ਦਿੱਤੀ ਜਾਵੇਗੀ। ਇਸ ਲਈ ਬਜ਼ੁਰਗਾਂ ਨੂੰ ਸਰਕਾਰੀ ਦਫਤਰਾਂ ਵਿਚ ਧੱਕੇ ਖਾਣ ਦੀ ਵੀ ਲੋੜ ਨਹੀਂ, ਸਿੱਧਾ ਉਨ੍ਹਾਂ ਦੇ ਅਕਾਊਂਟ ਵਿਚ ਪਹੁੰਚ ਜਾਵੇਗੀ। ਕੈਪਟਨ ਦੇ ਇਸ ਭਾਸ਼ਣ 'ਤੇ ਖੂਬ ਤਾੜੀਆਂ ਵੱਜੀਆਂ ਸਨ। ਜਨਤਾ ਨੇ ਕੈਪਟਨ ਦੇ ਇਸ ਵਾਅਦੇ ਦੀ ਬੇਹੱਦ ਪ੍ਰਸ਼ੰਸਾ ਕੀਤੀ ਤੇ ਵੋਟਾਂ ਪਾ ਕੇ ਕਾਂਗਰਸ ਨੂੰ ਸੱਤਾ ਦਾ ਮੂੰਹ ਵਿਖਾਇਆ ਪਰ ਸੱਤਾ ਵਿਚ ਆਉਂਦਿਆਂ ਹੀ ਕਾਂਗਰਸ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਭੁੱਲ ਗਈ। 2000 ਰੁਪਏ ਤਾਂ ਕੀ ਦੇਣੇ ਸਨ ਪਹਿਲਾਂ ਤੋਂ ਮਿਲ ਰਹੇ 500 ਰੁਪਏ ਵੀ ਸਰਕਾਰ ਨਹੀਂ ਦੇ ਸਕੀ। ਜਨਤਾ ਹੁਣ ਸਰਕਾਰ ਨੂੰ ਕੋਸ ਰਹੀ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਸਰਕਾਰੀ ਖਜ਼ਾਨਾ ਖਾਲੀ ਹੈ ਤੇ ਇਸ ਨੂੰ ਭਰਨ ਵਿਚ ਕੁਝ ਸਮਾਂ ਲੱਗੇਗਾ। ਇਸ ਤੋਂ ਬਾਅਦ ਹੀ ਸਰਕਾਰ ਸਾਰੇ ਵਾਅਦੇ ਨਿਭਾਅ ਸਕਦੀ ਹੈ।
ਸਵਾਲ ਇਹ ਉਠਦਾ ਹੈ ਕਿ ਕੀ ਸੂਬੇ ਦੇ ਵਿੱਤ ਮੰਤਰੀ ਤੇ ਮੁੱਖ ਮੰਤਰੀ ਨੂੰ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੇ ਹਾਲਾਤ ਦਾ ਪਤਾ ਨਹੀਂ ਸੀ। ਉਨ੍ਹਾਂ ਨੂੰ ਸੂਬੇ ਦੀ ਆਰਥਿਕ ਸਥਿਤੀ ਦੀ ਚੰਗੀ ਤਰ੍ਹਾਂ ਜਾਣਕਾਰੀ ਸੀ ਤਾਂ ਫਿਰ ਸੂਬੇ ਦੀ ਜਨਤਾ ਨਾਲ ਝੂਠੇ ਵਾਅਦੇ ਕਿਉਂ ਕੀਤੇ ਗਏ।