ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ‘ਹੱਲਾ ਬੋਲ’, ਕਰਨਗੇ ਘਿਰਾਓ

Monday, Mar 01, 2021 - 10:20 AM (IST)

ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ‘ਹੱਲਾ ਬੋਲ’, ਕਰਨਗੇ ਘਿਰਾਓ

ਮੋਗਾ (ਗੋਪੀ ਰਾਊਕੇ) - 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਵੱਡੇ ਵਾਅਦੇ ਕਰ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਜਿਥੇ ਆਖਰੀ ਵਰ੍ਹੇ ਵਿਚ ਪ੍ਰਵੇਸ਼ ਲਿਆ, ਉੱਥੇ ਲੰਘੇ 4 ਵਰ੍ਹਿਆਂ ਦੌਰਾਨ ਕਾਂਗਰਸ ਸਰਕਾਰ ਵਲੋਂ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ ਕਰ ਕੇ ਪੰਜਾਬੀਆਂ ਦਾ ਕਾਂਗਰਸ ਸਰਕਾਰ ਪ੍ਰਤੀ ਗੁੱਸਾ 7ਵੇਂ ਅਸਮਾਨ ’ਤੇ ਪੁੱਜਣ ਲੱਗਾ ਹੈ। ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਕੋਰ ਕਮੇਟੀ ਵਿਚ ਲਏ ਗਏ ਫ਼ੈਸਲੇ ਅਨੁਸਾਰ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਘਿਰਾਉ ਕਰ ਕੇ ਕੈਪਟਨ ਸਰਕਾਰ ਵਿਰੁੱਧ ਵੱਡਾ ‘ਹੱਲਾ ਬੋਲ’ ਹਮਲਾ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਵਿਧਾਨ ਸਭਾ ਦਾ ਘਿਰਾਉ ਕਰਨ ਲਈ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਕਾਫਲਿਆਂ ਦੇ ਰੂਪ ਵਿਚ ਚੰਡੀਗੜ੍ਹ ਵਿਧਾਨ ਸਭਾ ਦਾ ਕੂਚ ਕਰਨ ਲਈ ਜਾਣਗੇ। ਇਕੱਤਰ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਮੋਹਰਲੀ ਕਤਾਰ ਦੇ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਾਲੇ ਹਲਕਾ ਧਰਮਕੋਟ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਾਲੇ ਹਲਕਾ ਬਾਘਾਪੁਰਾਣਾ, ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹਲਕਾ ਮੋਗਾ ਤੇ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਹਲਕਾ ਨਿਹਾਲ ਸਿੰਘ ਵਾਲਾ ’ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਲਾਮਬੰਦੀ ਮੀਟਿੰਗਾਂ ਕਰ ਕੇ ਇਸ ਘਿਰਾਓ ਵਿਚ ਜਾਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਚਾਰੇ ਵਿਧਾਨ ਸਭਾ ਹਲਕਿਆਂ ਨੇ ਇਸ ਸਬੰਧੀ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।

ਪੰਜਾਬ ਸਰਕਾਰ ਨੂੰ ਚੋਣ ਵਾਅਦੇ ਚੇਤੇ ਕਰਵਾਏ ਜਾਣਗੇ : ਨਿਹਾਲ ਸਿੰਘ ਤਲਵੰਡੀ ਭੰਗੇਰੀਆਂ
ਸ਼੍ਰੋਮਣੀ ਅਕਾਲੀ ਦਲ ਸਰਕਲ ਮਹਿਣਾ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦਾ ਕਹਿਣਾ ਸੀ ਕਿ ਇਸ ਘਿਰਾਉ ਦੌਰਾਨ ਪੰਜਾਬ ਸਰਕਾਰ ਨੂੰ ਚੋਣ ਵਾਅਦੇ ਚੇਤੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਫਰੰਟ ’ਤੇ ਫੇਲ ਸਾਬਤ ਰਹੀ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੇ ਵਾਅਦਿਆਂ ਨੂੰ ਲੋਕ ਕਚਹਿਰੀ ਵਿਚ ਨੰਗਾ ਕੀਤਾ ਜਾਵੇਗਾ।

ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਦਾ ਹਿਸਾਬ ਪੰਜਾਬੀ ਅਗਾਮੀ ਚੋਣਾਂ ’ਚ ਲੈਣਗੇ : ਰਾਜਿੰਦਰ ਸਿੰਘ ਡੱਲਾ
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਰਾਜਸੀ ਸਕੱਤਰ ਰਾਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਦਾ ਹਿਸਾਬ ਪੰਜਾਬੀ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਲੈਣਗੇ। ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਦੇ ਹਰ ਪਿੰਡ ਅਤੇ ਕਸਬਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਇਸ ਘਿਰਾਓ ਵਿਚ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕਰਨਗੇ, ਕਿਉਂਕਿ ਪੰਜਾਬੀਆਂ ’ਚ ਸਰਕਾਰ ਪ੍ਰਤੀ ਬੇਹੱਦ ਗੁੱਸੇ ਦੀ ਲਹਿਰ ਹੈ।

ਕਾਂਗਰਸ ਸਰਕਾਰ ਨੇ ਕਿਸੇ ਵਰਗ ਦੀ ਭਲਾਈ ਲਈ ਕੁੱਝ ਨਹੀਂ ਕੀਤਾ : ਸੁਖਚੈਨ ਸਿੰਘ ਸੱਦਾ ਸਿੰਘ ਵਾਲਾ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਸੱਦਾ ਸਿੰਘ ਵਾਲਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਕਿਸੇ ਵਰਗ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ ਤੇ ਇਹੋ ਕਾਰਣ ਹੈ ਕਿ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਹਲਕਾ ਮੋਗਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਇਸ ਘਿਰਾਓ ਵਿਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਲਾਮਬੰਦੀ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ।

ਵਿਧਾਨ ਸਭਾ ਘਿਰਾਓ ’ਚ ਭਰਵੀਂ ਸ਼ਮੂਲੀਅਤ ਕਰੇਗਾ ਯੂਥ ਵਿੰਗ : ਪ੍ਰਧਾਨ ਗਟਰਾ
ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਕਿਹਾ ਕਿ ਵਿਧਾਨ ਸਭਾ ਦੇ ਘਿਰਾਉ ਵਿਚ ਯੂਥ ਅਕਾਲੀ ਦਲ ਮੋਗਾ ਜ਼ਿਲੇ ਤੋਂ ਵੱਡੀ ਸ਼ਮੂਲੀਅਤ ਕਰੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਸਰਕਲ ਪ੍ਰਧਾਨਾਂ ਤੇ ਹੋਰ ਆਗੂਆਂ ਨਾਲ ਇਸ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ, ਕਰਜ਼ਾ ਕੁਰਕੀ ਖਤਮ ਜਿਹੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ।

ਅਕਾਲੀ ਦਲ ਵਲੋਂ ਕੀਤਾ ਜਾਣ ਵਾਲਾ ਘਿਰਾਉ ਕੁੰਭਕਰਨੀ ਸੁੱਤੀ ਸਰਕਾਰ ਨੂੰ ਹਲੂਣਾ ਦੇਵੇਗਾ : ਭਾਰਤੀ ਪੱਤੋ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦਾ ਕਹਿਣਾ ਸੀ ਕਿ ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਕੀਤਾ ਜਾਣ ਵਾਲਾ ਘਿਰਾਓ ਕੁੰਭਕਰਨੀ ਸੁੱਤੀ ਪਈ ਸਰਕਾਰ ਨੂੰ ਹਲੂਣਾ ਦੇਵੇਗਾ। ਉਨ੍ਹਾਂ ਕਿਹਾ ਕਿ 4 ਵਰ੍ਹਿਆਂ ਦੌਰਾਨ ਕੈਪਟਨ ਸਰਕਾਰ ਨੇ ਸੂਬੇ ਦੀ ਬਿਹਤਰੀ ਲਈ ਨਵੀਆਂ ਭਲਾਈ ਸਕੀਮਾਂ ਤਾਂ ਕੀ ਲਿਆਉਣਗੀਆਂ ਸਨ, ਸਗੋਂ ਸਾਰੀਆਂ ਪੁਰਾਣੀਆਂ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਇਹ ਗੱਲ ਭਲੀ-ਭਾਂਤ ਸਮਝ ਗਏ ਹਨ ਕਿ ਕੈਪਟਨ ਸਰਕਾਰ ਤੋਂ ਕਦੇ ਵੀ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।

ਪੰਜਾਬ ਸਰਕਾਰ ਦਾ ਇਕ ਵੀ ਚੋਣ ਵਾਅਦਾ ਵਫ਼ਾ ਨਹੀਂ ਹੋਇਆ : ਗੁਰਪ੍ਰੀਤ ਸਿੰਘ ਧੱਲੇਕੇ
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਧੱਲੇਕੇ ਦਾ ਕਹਿਣਾ ਸੀ ਕਿ 4 ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਨੇ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਪੰਜਾਬੀ ਭਵਿੱਖ ਵਿਚ ਕਦੇ ਵੀ ਮੂੰਹ ਨਹੀਂ ਲਾਉਣਗੇ।

ਕਿਸਾਨਾਂ ਨੂੰ ਝੂਠੇ ਲਾਰੇ ਲਾ ਕੇ ਕੈਪਟਨ ਸਰਕਾਰ ਨੇ 2017 ’ਚ ਵੋਟਾਂ ਲਈਆਂ : ਚੇਅਰਮੈਨ ਲੰਢੇਕੇ
ਇਸ ਘਿਰਾਉ ਸਬੰਧੀ ਜ਼ਿਲ੍ਹੇ ਭਰ ਦੇ ਕਿਸਾਨ ਵਰਗ ਨੂੰ ਲਾਮਬੰਦ ਕਰ ਰਹੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਕਿਹਾ ਕਿ ਕਿਸਾਨਾਂ ਨਾਲ ਝੂਠੇ ਲਾਰੇ ਲਾ ਕੇ ਕੈਪਟਨ ਸਰਕਾਰ ਨੇ 2017 ਵਿਚ ਵੋਟਾਂ ਲਈਆਂ, ਜਦੋਂਕਿ ਸਰਕਾਰ ਨੇ ਕਿਸਾਨੀ ਦੀ ਭਲਾਈ ਲਈ ਕੁਝ ਨਹੀਂ ਕੀਤਾ, ਜਿਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।

ਮੋਗਾ ਹਲਕੇ ਤੋਂ ਕਿਸਾਨਾਂ ਦੀ ਘਿਰਾਓ ’ਚ ਹੋਵੇਗੀ ਵੱਡੀ ਸ਼ਮੂਲੀਅਤ : ਸਾਫ਼ੂਵਾਲਾ
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫ਼ੂਵਾਲਾ ਦਾ ਕਹਿਣਾ ਸੀ ਕਿ ਮੋਗਾ ਹਲਕੇ ਤੋਂ ਕਿਸਾਨਾਂ ਦੀ ਇਸ ਘਿਰਾਓ ਵਿਚ ਵੱਡੀ ਸ਼ਮੂਲੀਅਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਲਾਰਿਆਂ ਦੀ ਪੰਡ ਨੂੰ ਬੇਪਰਦ ਕਰਨ ਲਈ ਪੰਜਾਬ ਦਾ ਹਰ ਵਰਗ ਵਿਧਾਨ ਸਭਾ ਘਿਰਾਓ ਵਿਚ ਸ਼ਾਮਲ ਹੋਣ ਲਈ ਤਿਆਰ ਹੈ।

ਵਿਧਾਨ ਸਭਾ ਦੇ ਘਿਰਾਓ ਸਬੰਧੀ ਸ਼ੋਸਲ ਮੀਡੀਆਂ ’ਤੇ ਲਾਮਬੰਦੀ ਮੁਹਿੰਮ ਤੇਜ਼ ਕੀਤੀ : ਸੱਤਾ ਮੀਨੀਆ
ਸ਼੍ਰੋਮਣੀ ਅਕਾਲੀ ਦਲ ਵਲੋਂ ਸੋਸ਼ਲ ਮੀਡੀਆਂ ਸੈੱਲ ਲਈ ਨਿਯੁਕਤ ਕੀਤੇ ਅਕਾਲੀ ਆਗੂ ਸਤਵੰਤ ਸਿੰਘ ਸੱਤਾ ਮੀਨੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਘਿਰਾਓ ਵਿਚ ਪੰਜਾਬੀਆਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਲਈ ਸੋਸ਼ਲ ਮੀਡੀਆਂ ’ਤੇ ਪ੍ਰਚਾਰ ਮੁਹਿੰਮ ਤੇਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਸਮੇਤ ਇਸ ਘਿਰਾਓ ਵਿਚ ਸ਼ਾਮਲ ਹੋਣ ਲਈ ਨੌਜਵਾਨ ਵਰਗ ਵੀ ਵੱਡੇ ਪੱਧਰ ’ਤੇ ਤਿਆਰ ਹੈ।
 


author

rajwinder kaur

Content Editor

Related News